ਫ਼ਾਜ਼ਿਲਕਾ, 16 ਜੂਨ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਫ਼ਾਜ਼ਿਲਕਾ ਡਾ. ਰਾਜ ਕੁਮਾਰ ਦੀ ਉਚੇਰੀ ਅਗਵਾਈ ਅਤੇ ਡਾ. ਰੋਹਿਤ ਗੋਇਲ ਅਤੇ ਡਾ. ਕਵਿਤਾ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਕਾਰਜਕਾਰੀ ਐਸ.ਐਮ.ਓ ਡਾ.ਪੰਕਜ ਚੌਹਾਨ ਦੀ ਨਿਗਰਾਨੀ ਹੇਠ ਸਿਹਤ ਵਿਭਾਗ ਵਲ਼ੋਂ ਲੋਕਾਂ ਦੀ ਸਿਹਤ ਸੰਭਾਲ ਲਈ ਪਾਣੀ ਦੇ ਨਮੂਨੇ ਟੈਸਟ ਲਈ ਭੇਜੇ ਗਏ | ਸਿਹਤ ਵਿਭਾਗ ਵਲੋਂ ਪਾਣੀ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਅੱਜ ਪਿੰਡ ਮੋਹਰ ਸੋਨਾ ਅਤੇ ਮੋਹਰ ਜਮਸ਼ੇਰ 'ਚ ਸਰਪੰਚ ਦੀ ਹਾਜ਼ਰੀ ਵਿਚ ਪਾਣੀ ਦੇ ਨਮੂਨੇ ਇਕੱਠੇ ਕੀਤੇ ਗਏ | ਇਹ ਨਮੂਨੇ ਘਰੇਲੂ ਪਾਣੀ ਦੀ ਸਪਲਾਈ, ਸਕੂਲਾਂ, ਆਂਗਣਵਾੜੀ ਕੇਂਦਰਾਂ ਅਤੇ ਹੋਰ ਸਰਵਜਨਕ ਸਥਾਨਾਂ ਤੋਂ ਲਏ ਗਏ ਹਨ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਆਈ ਵਿਜੇ ਨਾਗਪਾਲ ਨੇ ਦੱਸਿਆ ਇਹ ਮੁਹਿੰਮ ਪੀਣ ਯੋਗ ਪਾਣੀ ਦੀ ਉਪਲਬਧਤਾ ਨੂੰ ਚੈੱਕ ਕਰਨ, ਪਾਣੀ ਵਿਚ ਕਿਸੇ ਵੀ ਕਿਸਮ ਦੇ ਜੈਵਿਕ ਜਾਂ ਰਸਾਇਣਿਕ ਪ੍ਰਦੂਸ਼ਣ ਦੀ ਪਛਾਣ ਕਰਨ ਅਤੇ ਰੋਗ ਫੈਲਣ ਤੋਂ ਪਹਿਲਾਂ ਹੀ ਰੋਕਥਾਮ ਨੂੰ ਯਕੀਨੀ ਬਣਾਉਣ ਲਈ ਚਲਾਈ ਗਈ ਹੈ | ਜਮਾਂ ਕੀਤੇ ਨਮੂਨੇ ਲੈਬਾਰਟਰੀ ਵਿਚ ਜਾਂਚ ਲਈ ਭੇਜੇ ਜਾਣਗੇ ਅਤੇ ਨਤੀਜੇ ਆਉਣ ਉਪਰੰਤ ਜੇ ਕਿਸੇ ਖੇਤਰ ਵਿਚ ਪਾਣੀ ਅਣਸੁੱਚਾ ਪਾਇਆ ਗਿਆ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ | ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਹਤਮੰਦ ਜੀਵਨ ਲਈ ਸਿਰਫ਼ ਫ਼ਿਲਟਰ ਕੀਤਾ ਜਾਂ ਉਬਾਲ ਕੇ ਠੰਢਾ ਕੀਤਾ ਪਾਣੀ ਹੀ ਵਰਤਣ | ਪਾਣੀ ਦੀ ਗੁਣਵੱਤਾ ਸਬੰਧੀ ਕੋਈ ਵੀ ਸ਼ਿਕਾਇਤ ਹੋਣ 'ਤੇ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ | ਇਸ ਦੌਰਾਨ ਸਿਹਤ ਕਰਮਚਾਰੀਆਂ ਪ੍ਰੇਮ ਕੁਮਾਰ ਗੁਰਜੀਤ ਸਿੰਘ ਰਵਿੰਦਰ ਸ਼ਰਮਾ ਆਦਿ ਮੌਜੂਦ ਸਨ |