ਅਬੋਹਰ, 16 ਜੂਨ (ਵਿਵੇਕ ਹੂੜੀਆ)-ਅਬੋਹਰ ਦੇ ਸੀਤੋ ਰੋਡ 'ਤੇ ਲੂਣਾ ਨਰਸਿੰਗ ਹੋਮ ਨੇੜੇ ਕਾਫ਼ੀ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਦੇ ਮਾੜੇ ਹਾਲਾਤ ਕਾਰਨ ਮੁੱਖ ਸੜਕ ਪਾਣੀ ਨਾਲ ਭਰ ਗਈ ਅਤੇ ਕੱਲ੍ਹ ਸ਼ਾਮ ਨੂੰ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇੱਕ ਈ-ਰਿਕਸ਼ਾ ਪਲਟ ਗਿਆ | ਖ਼ੁਸ਼ਕਿਸਮਤੀ ਨਾਲ ਯਾਤਰੀਆਂ ਦਾ ਵਾਲ-ਵਾਲ ਬਚਾਅ ਹੋ ਗਿਆ | ਜਦੋਂ ਕਿ ਡਰਾਈਵਰ ਨੂੰ ਸੱਟਾਂ ਲੱਗੀਆਂ ਹਨ | ਜਾਣਕਾਰੀ ਅਨੁਸਾਰ ਅਬੋਹਰ ਤੋਂ ਇੱਕ ਈ-ਰਿਕਸ਼ਾ ਚਾਲਕ ਕੱਲ੍ਹ ਸ਼ਾਮ ਆਪਣੇ ਆਟੋ ਵਿਚ ਕੁੱਝ ਯਾਤਰੀਆਂ ਅਤੇ ਕੁੱਝ ਲੱਕੜਾਂ ਲੈ ਕੇ ਸ਼ਹਿਰ ਵੱਲ ਆ ਰਿਹਾ ਸੀ | ਜਦੋਂ ਉਹ ਸੀਤੋ ਰੋਡ 'ਤੇ ਲੂਣਾ ਨਰਸਿੰਗ ਹੋਮ ਨੇੜੇ ਪਹੁੰਚਿਆ ਤਾਂ ਸੀਵਰੇਜ ਬੰਦ ਹੋਣ ਕਾਰਨ ਉਸ ਦਾ ਰਿਕਸ਼ਾ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਉੱਥੇ ਇਕੱਠੇ ਹੋਏ ਪਾਣੀ ਵਿਚ ਪਲਟ ਗਿਆ | ਜਿਸ ਕਾਰਨ ਇੱਕ ਮਹਿਲਾ ਯਾਤਰੀ ਵਾਲ-ਵਾਲ ਬਚ ਗਈ | ਜਦੋਂ ਕਿ ਰਿਕਸ਼ਾ ਚਾਲਕ ਦੀ ਲੱਤ ਟੁੱਟ ਗਈ | ਆਸ-ਪਾਸ ਦੇ ਲੋਕਾਂ ਨੇ ਤੁਰੰਤ ਉਸ ਦੇ ਈ-ਰਿਕਸ਼ਾ ਨੂੰ ਸਿੱਧਾ ਕੀਤਾ ਅਤੇ ਡਰਾਈਵਰ ਨੂੰ ਬਾਹਰ ਕੱਢਿਆ 'ਤੇ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ | ਧਿਆਨ ਦੇਣ ਯੋਗ ਹੈ ਕਿ ਇਸ ਰਸਤੇ 'ਤੇ ਲੰਬੇ ਸਮੇਂ ਤੋਂ ਸੀਵਰੇਜ ਲਾਈਨਾਂ ਬੰਦ ਹੋਣ ਕਾਰਨ ਦੂਸ਼ਿਤ ਪਾਣੀ ਹਮੇਸ਼ਾ ਸੜਕ 'ਤੇ ਫੈਲਿਆ ਰਹਿੰਦਾ ਹੈ ਅਤੇ ਦੂਸ਼ਿਤ ਪਾਣੀ ਜਮਾਂ ਹੋਣ ਕਾਰਨ ਅਬੋਹਰ ਸੀਤੋੋ ਦੀ ਮੁੱਖ ਸੜਕ ਵੀ ਕਈ ਥਾਵਾਂ 'ਤੇ ਟੁੱਟ ਗਈ ਹੈ | ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸਥਾਨਕ ਸਰਕਾਰਾਂ ਮੰਤਰੀ ਨੇ ਅਬੋਹਰ ਦੇ ਆਪਣੇ ਦੌਰੇ ਦੌਰਾਨ ਇੱਥੋਂ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਨਿਗਮ ਅਧਿਕਾਰੀਆਂ ਨੂੰ ਇਸ ਇਲਾਕੇ ਵਿਚ ਸੀਵਰੇਜ ਸਿਸਟਮ ਨੂੰ ਸੁਚਾਰੂ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਸਨ, ਪਰ ਅੱਜ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ ਹੈ ਅਤੇ ਰਾਹਗੀਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਥਾਨਕ ਪ੍ਰਸ਼ਾਸਨ ਇੱਥੇ ਹੋ ਰਹੇ ਹਾਦਸਿਆਂ ਨੂੰ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ, ਪਰ ਸਮੱਸਿਆ ਦਾ ਹੱਲ ਕਰਨ ਵਿਚ ਅਸਮਰਥ ਹੈ |