ਫ਼ਾਜ਼ਿਲਕਾ, 16 ਜੂਨ (ਦਵਿੰਦਰ ਪਾਲ ਸਿੰਘ)-ਬਲੱਡ ਡੋਨੇਸ਼ਨ ਵੈੱਲਫੇਅਰ ਸੋਸਾਇਟੀ ਫ਼ਾਜ਼ਿਲਕਾ ਵਲ਼ੋਂ ਇਤਿਹਾਸਕਾਰ ਸਵ. ਲਛਮਣ ਦੋਸਤ ਦੀ ਯਾਦ 'ਚ ਰੇਗਰ ਚੌਕ ਨੇੜੇ ਸਥਿਤ ਤਨੇਜਾ ਟਰੇਡਿੰਗ ਕੰਪਨੀ ਦੇ ਸਾਹਮਣੇ ਇਕ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾਇਆ ਗਿਆ | ਇਸ ਪ੍ਰੋਗਰਾਮ 'ਚ ਸਮਾਜਸੇਵੀ ਅਤੇ ਅਰੋੜਵੰਸ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਰੁਣ ਵਧਵਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਕੈਂਪ ਇੰਚਾਰਜ ਪਵਨ ਰਹੇਜਾ ਅਤੇ ਸਕੱਤਰ ਮੋਹਿਤ ਦਹੂਜਾ ਨੇ ਦੱਸਿਆ ਕਿ ਸਵ. ਲਛਮਣ ਦੋਸਤ ਨੇ ਫ਼ਾਜ਼ਿਲਕਾ ਦੇ ਇਤਿਹਾਸ ਨੂੰ ਇਕੱਠਾ ਕਰਨ, ਲਿਖਣ ਅਤੇ ਲੋਕਾਂ ਤੱਕ ਪਹੁੰਚਾਉਣ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ | ਉਨ੍ਹਾਂ ਦੀ ਯਾਦ 'ਚ ਇਹ ਸਿਹਤ ਸੇਵਾ ਅਰਪਿਤ ਕੀਤੀ ਗਈ | ਇਸ ਕੈਂਪ ਵਿਚ 81 ਲੋਕਾਂ ਦੀ ਸ਼ੂਗਰ ਜਾਂਚ ਕੀਤੀ ਗਈ | ਸਾਈ ਲੈਬ ਦੇ ਸੰਚਾਲਕ ਰਜਿੰਦਰ ਸਿੰਘ ਨੇ ਆਪਣੀਆਂ ਸੇਵਾਵਾਂ ਮੁਫ਼ਤ ਉਪਲਬਧ ਕਰਵਾਈਆਂ | ਸੁਸਾਇਟੀ ਦੇ ਪ੍ਰਧਾਨ ਕਿ੍ਸ਼ਨ ਤਨੇਜਾ ਨੇ ਵੀ ਸਵ. ਲਛਮਣ ਦੋਸਤ ਦੇ ਫ਼ਾਜ਼ਿਲਕਾ ਵਾਸੀਆਂ ਲਈ ਕੀਤੇ ਯੋਗਦਾਨਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ | ਇਸ ਮੌਕੇ ਡਾ. ਅਜੈ ਧਵਨ ਨੇ ਕਿਹਾ ਕਿ ਅੱਜ ਦੀ ਬਦਲ ਰਹੀ ਜੀਵਨ ਸ਼ੈਲੀ ਅਤੇ ਗ਼ਲਤ ਖ਼ੁਰਾਕ ਕਾਰਨ ਸ਼ੂਗਰ ਇਕ ਆਮ ਪਰ ਗੰਭੀਰ ਬਿਮਾਰੀ ਬਣ ਚੁੱਕੀ ਹੈ | ਕਈ ਵਾਰੀ ਲੋਕ ਅਰੰਭਿਕ ਲੱਛਣਾਂ ਨੂੰ ਅਣਡਿੱਠਾ ਕਰ ਦਿੰਦੇ ਹਨ, ਜਿਸ ਨਾਲ ਬਿਮਾਰੀ ਵਧ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸਮੇਂ-ਸਮੇਂ 'ਤੇ ਸ਼ੂਗਰ ਦੀ ਜਾਂਚ ਕਰਵਾਉਣ ਨਾਲ ਇਹ ਬਿਮਾਰੀ ਸਮੇਂ ਸਿਰ ਪਤਾ ਲੱਗ ਜਾਂਦੀ ਹੈ ਅਤੇ ਇਸ ਨੂੰ ਨਿਯੰਤਰਿਤ ਕਰਨਾ ਆਸਾਨ ਹੋ ਜਾਂਦਾ ਹੈ | ਇਸ ਮੌਕੇ ਸਵ. ਲਛਮਣ ਦੋਸਤ ਦੀ ਧਰਮ-ਪਤਨੀ ਸੰਤੋਸ਼ ਚੌਧਰੀ, ਡਾ.ਅਜੈ ਧਵਨ, ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਮਿੱਤਲ, ਸਚਿਨ ਦਾਮੜੀ, ਐਡਵੋਕੇਟ ਪਵਨ ਉਪਨੇਜਾ, ਐਡਵੋਕੇਟ ਰਾਕੇਸ਼ ਖਟੀਕ, ਮਨਜਿੰਦਰ ਤਨੇਜਾ, ਮਨਮੋਹਨ ਕੁਮਾਰ, ਸੁਧੀਰ ਮਿਸ਼ਰਾ, ਡਾ. ਜਗਦੀਸ਼ ਗਹਲੌਤ, ਆਯੂਸ਼ ਤਨੇਜਾ ਸਮੇਤ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ | ਅੰਤ 'ਚ ਸੁਸਾਇਟੀ ਵਲ਼ੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ |