ਫ਼ਾਜ਼ਿਲਕਾ, 16 ਜੂਨ (ਦਵਿੰਦਰ ਪਾਲ ਸਿੰਘ)-ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲ਼ੋਂ ਸੂਬੇ 'ਚੋਂ ਬੇਰੁਜ਼ਗਾਰੀ ਖ਼ਤਮ ਕਰਨ ਲਈ ਘਰ-ਘਰ ਰੁਜ਼ਗਾਰ ਦੇਣ ਦੇ ਵੰਡੇ-ਵੱਡੇ ਦਾਅਵੇ ਕੀਤੇ ਗਏ ਸਨ, ਪਰ ਦੂਜੇ ਪਾਸੇ ਪੰਜਾਬ ਦੇ ਸਿੱਖਿਆ ਵਿਭਾਗ 'ਚ ਸਮੱਗਰਾ ਸਿੱਖਿਆ ਅਭਿਆਨ ਦੇ ਤਹਿਤ ਠੇਕੇ ਸਿਸਟਮ ਰਾਹੀਂ ਭਰਤੀ ਕੀਤੇ ਗਏ ਢਾਈ ਦਰਜਨ ਦੇ ਕਰੀਬ ਮੁੱਖ ਅਧਿਆਪਕਾਂ ਨੂੰ ਪੰਜ ਸਾਲਾਂ ਬਾਅਦ ਨੌਕਰੀ ਤੋਂ ਕੱਢ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਨਾਲ ਇਨ੍ਹਾਂ ਮੁੱਖ ਅਧਿਆਪਕਾਂ ਸਮੇਤ ਸਮੁੱਚੇ ਅਧਿਆਪਕ ਵਰਗ 'ਚ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਫ਼ਾਜ਼ਿਲਕਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਸ਼ੋਰੇ ਵਾਲਾ, ਸਰਪ੍ਰਸਤ ਭਗਵੰਤ ਭਠੇਜਾ ਅਤੇ ਜਨਰਲ ਸਕੱਤਰ ਨਿਸ਼ਾਂਤ ਕੁਮਾਰ ਨੇ ਕਿਹਾ ਕਿ ਇਨ੍ਹਾਂ ਮੁੱਖ ਅਧਿਆਪਕਾਂ ਦੀਆਂ ਪੰਜ ਸਾਲ ਦੀਆਂ ਸੇਵਾਵਾਂ ਨੂੰ ਵੇਖਦਿਆਂ ਪੰਜਾਬ ਸਰਕਾਰ ਤੋਂ ਮਾਮਲੇ ਨੂੰ ਹਮਦਰਦੀ ਨਾਲ ਵਿਚਾਰਨ ਅਤੇ ਇਹਨਾਂ ਦੀਆਂ ਸੇਵਾਵਾਂ ਬਹਾਲ ਕਰਨ ਦੀ ਮੰਗ ਕੀਤੀ ਹੈ | ਵਿਭਾਗ ਨੇ ਇਨ੍ਹਾਂ ਨੂੰ ਸਮਗਰ ਸਿੱਖਿਆ ਅਭਿਆਨ ਤਹਿਤ 30000 ਪ੍ਰਤੀ ਮਹੀਨਾ ਠੇਕਾ ਆਧਾਰ 'ਤੇ ਸਤੰਬਰ 2020 'ਚ ਭਰਤੀ ਕੀਤਾ | ਜਿਨ੍ਹਾਂ 'ਚੋਂ 29 ਨੇ ਬਤੌਰ ਹੈੱਡ ਮਾਸਟਰ ਜੁਆਇਨ ਕੀਤਾ | ਜਦ ਕਿ ਉਸ ਸਮੇਂ ਤਜਰਬਾ ਸਰਟੀਫਿਕੇਟ ਆਧਾਰਿਤ ਨੋਟਿਸ ਜਾਰੀ ਕੀਤੇ | ਦੂਸਰੀ ਧਿਰ ਦੇ 162 ਮੁੱਖ ਅਧਿਆਪਕਾਂ ਨੇ ਇਨ੍ਹਾਂ ਦੇ ਖ਼ਿਲਾਫ਼ ਹਾਈ ਕੋਰਟ 'ਚ ਡਬਲ ਬੈਂਚ ਕੋਲ ਕੇਸ ਲਗਾਇਆ ਅਤੇ ਡਬਲ ਬੈਂਚ ਦਾ ਫ਼ੈਸਲਾ ਆਇਆ ਕਿ 162 ਮੁੱਖ ਅਧਿਆਪਕਾਂ ਨੂੰ ਕੱਢਿਆ ਨਹੀਂ ਜਾ ਸਕਦਾ | ਪਰ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਆਪਣੇ ਪੱਧਰ 'ਤੇ 10 ਜੂਨ ਨੂੰ ਪੱਤਰ ਨੰਬਰ ਸਮੱਗਰਾ 92018/161949 ਜਾਰੀ ਕਰਦੇ ਹੋਏ ਇਨ੍ਹਾਂ 29 ਮੁੱਖ ਅਧਿਆਪਕਾਂ ਦਾ ਪੱਖ ਜਾਣਨ ਤੋਂ ਬਿਨਾਂ ਹੀ ਨੂੰ ਉਨ੍ਹਾਂ ਦੀ ਠੇਕਾ ਆਧਾਰਿਤ ਨੌਕਰੀ ਤੋਂ ਹਟਾਉਣ ਦਾ ਹੁਕਮ ਜਾਰੀ ਕਰ ਦਿੱਤਾ | ਇਸ ਮੌਕੇ ਵਿੱਤ ਸਕੱਤਰ ਅਮਨਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਜਥੇਬੰਦਕ ਸਕੱਤਰ ਕੁਲਬੀਰ ਸਿੰਘ ਨੇ ਕਿਹਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜ ਸਾਲ ਬਾਅਦ ਇਨ੍ਹਾਂ ਮੁੱਖ ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਕੇ ਨਿਗੂਣੀ ਤਨਖ਼ਾਹ 'ਤੇ ਚਲਦੇ ਇਨ੍ਹਾਂ ਦੇ ਘਰਾਂ ਅਤੇ ਇਨ੍ਹਾਂ ਦੇ ਆਸ਼ਰਿਤ ਪਰਿਵਾਰਾਂ ਦੇ ਚੁੱਲੇ ਠੰਢੇ ਕਰ ਰਹੀ ਹੈ, ਜੋ ਕਿ ਪੂਰੀ ਤਰ੍ਹਾਂ ਗੈਰ ਵਾਜਬ ਅਤੇ ਅਨਿਆਂ ਪੂਰਨ ਹੈ | ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਨੇ ਪੁਰਾਣੇ ਮੁੱਖ ਅਧਿਆਪਕ ਦੀਆਂ ਸੇਵਾਵਾਂ ਸੁਰੱਖਿਅਤ ਰੱਖਣ ਦੇ ਨਾਲ ਨਾਲ ਸੇਵਾਵਾਂ ਤੋਂ ਬਰਖ਼ਾਸਤ ਕੀਤੇ 29 ਹੈੱਡ ਮਾਸਟਰਜ਼ ਨੂੰ ਤੁਰੰਤ ਸਿੱਖਿਆ ਵਿਭਾਗ ਵਿਚ ਲੈ ਕੇ ਐਡਜਸਟ ਕਰਨ ਦੀ ਮੰਗ ਕੀਤੀ ਹੈ | ਇਸ ਮੌਕੇ ਸੁਧੀਰ ਕਾਲੜਾ, ਵਿਨੇ ਕੁਮਾਰ, ਮਨਜਿੰਦਰ ਸਿੰਘ, ਓਮ ਪ੍ਰਕਾਸ਼, ਸੁਸ਼ੀਲ ਕੁਮਾਰ, ਰਾਜੀਵ ਕੁਮਾਰ, ਰਜਨੀਸ਼ ਕੁਮਾਰ, ਸ਼ਗਨ ਲਾਲ,ਰਾਕੇਸ਼ ਕੁਮਾਰ, ਰਵਿੰਦਰ ਸ਼ਰਮਾ, ਰਾਜ ਕੁਮਾਰ ਆਦਿ ਹਾਜ਼ਰ ਸਨ |