ਫ਼ਾਜ਼ਿਲਕਾ, 16 ਜੂਨ (ਦਵਿੰਦਰ ਪਾਲ ਸਿੰਘ)-ਗੈਰ-ਸੰਚਾਰੀ ਰੋਗਾਂ ਦੀ ਰੋਕਥਾਮ ਲਈ ਸਿਹਤ ਵਿਭਾਗ ਵਲ਼ੋਂ ਚਲਾਈ ਜਾ ਰਹੀ ਮੁਹਿੰਮ 'ਚ ਯੋਗ ਦਾ ਯੋਗਦਾਨ ਕਾਫ਼ੀ ਹੈ ਅਤੇ ਆਪਣੀ ਜੀਵਨ ਸ਼ੈਲੀ ਵਿਚ ਯੋਗ ਨੂੰ ਜੋੜਨ ਨਾਲ ਬੀ.ਪੀ. ਸ਼ੂਗਰ ਤੋਂ ਬਚਿਆ ਜਾ ਸਕਦਾ ਹੈ | ਸਿਵਲ ਸਰਜਨ ਡਾ. ਰਾਜ ਕੁਮਾਰ ਦੀ ਉਚੇਰੀ ਦੇਖਰੇਖ ਅਤੇ ਡਾ.ਰੋਹਿਤ ਗੋਇਲ ਅਤੇ ਡਾ.ਕਵਿਤਾ ਸਿੰਘ ਦੀ ਅਗਵਾਈ ਹੇਠ ਆਯੁਸ਼ਮਾਨ ਕੇਂਦਰ ਵਿਖੇ ਯੋਗ ਸੈਸ਼ਨ ਕਰਵਾਏ ਜਾ ਰਹੇ ਹੈ | ਜਿਸ ਵਿਚ ਯੋਗ ਅਭਿਆਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ | ਸਿਹਤ ਵਿਭਾਗ ਪੰਜਾਬ ਵਲੋਂ ਗੈਰ-ਸੰਚਾਰੀ ਰੋਗਾਂ ਜਿਵੇਂ ਕਿ ਹਾਈਪਰਟੈਂਸ਼ਨ (ਬਲੱਡ ਪ੍ਰੈਸ਼ਰ), ਡਾਇਬਟੀਜ਼ (ਸ਼ੂਗਰ), ਕੈਂਸਰ, ਦਿਲ ਦੇ ਰੋਗ, ਅਸਥਮਾ ਆਦਿ ਦੀ ਰੋਕਥਾਮ ਅਤੇ ਜਾਗਰੂਕਤਾ ਵਧਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ | ਜਿਸ ਵਿਚ ਪਿੰਡ ਪੱਧਰ 'ਤੇ ਲੋਕਾਂ ਨੂੰ ਬੀ ਪੀ ਬਿਮਾਰੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ | ਟਾਹਲੀ ਵਾਲਾ ਵਿਖੇ ਡਾ.ਸ਼ਾਈਨਾ ਕਟਾਰੀਆ ਵਲ਼ੋਂ ਲੋਕਾਂ ਨੂੰ ਯੋਗ ਕਰਨ ਬਾਰੇ ਜਾਗਰੂਕ ਅਤੇ ਇਸ ਬਾਰੇ ਟਰੇਨਿੰਗ ਦਿੱਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਹਿੱਸੇ ਵਜੋਂ ਯੋਗ ਅਭਿਆਸ ਨੂੰ ਬਹੁਤ ਮਹੱਤਵ ਦਿੱਤਾ ਜਾ ਰਿਹਾ ਹੈ ਕਿਉਂਕਿ ਯੋਗ ਸਰੀਰਕ, ਮਾਨਸਿਕ ਅਤੇ ਆਤਮਿਕ ਤੰਦਰੁਸਤੀ ਨੂੰ ਬਰਕਰਾਰ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਇਸ ਦੌਰਾਨ ਮਾਸ ਮੀਡੀਆ ਇੰਚਾਰਜ ਦਿਵੇਸ਼ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਯੋਗ ਨੂੰ ਆਪਣੀ ਰੋਜ਼ਮਰਾ ਦਾ ਹਿੱਸਾ ਬਣਾਉਣ ਤਾਂਕਿ ਤੰਦਰੁਸਤ ਜ਼ਿੰਦਗੀ ਦਾ ਅਨੰਦ ਮਨਾ ਸਕੇ |