ਜਲਾਲਾਬਾਦ , 16 ਜੂਨ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਵੈਰੋਕੇ ਦੀ ਪੁਲਿਸ ਵਲੋਂ ਪਾਲੀਵਾਲਾ ਦੇ ਕੋਲ ਮੋਜਮ ਡਰੇਨ 'ਚੋਂ ਰੇਤ ਦੀ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਵਿਚ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਲਖਮੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨਵਦੀਪ ਕੁਮਾਰ ਜੇ.ਈ. ਕਮ ਮਾਈਨਿੰਗ ਇੰਸਪੈਕਟਰ ਉਪ ਮੰਡਲ ਅਫ਼ਸਰ ਜਲਾਲਾਬਾਦ ਨੇ 12-06-2025 ਨੂੰ ਪੁਲਿਸ ਕੋਲ ਲਿਖਤੀ ਦਰਖਾਸਤ ਦਿੱਤੀ ਕਿ ਪਿੰਡ ਪਾਲੀਵਾਲਾ ਦੇ ਨਜ਼ਦੀਕ ਪੈਂਦੀ ਮੋਜਮ ਡਰੇਨ ਤੋਂ ਪਿਛਲੇ ਕੁੱਝ ਸਮੇਂ ਤੋਂ ਕੁੱਝ ਵਿਅਕਤੀਆਂ ਵੱਲੋਂ ਰੇਤੇ ਦੀ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ | ਜਿਸ 'ਤੇ ਪੰਜਾਬ ਸਰਕਾਰ ਦੁਆਰਾ ਮਨਜ਼ੂਰ ਸ਼ੁਦ ਐਮ.ਐਮ.ਡੀ.ਆਰ. ਐਕਟ 1957 ਦੀ ਉਲੰਘਣਾ ਹੋ ਰਹੀ ਹੈ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ | ਥਾਣਾ ਵੈਰੋਕੇ ਦੀ ਪੁਲਿਸ ਵਲੋਂ ਮਾਈਨਿੰਗ ਇੰਸਪੈਕਟਰ ਨਵਦੀਪ ਕੁਮਾਰ ਦੀ ਦਰਖਾਸਤ ਦੇ ਆਧਾਰ 'ਤੇ ਨਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਵਿਚ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਮੁਕੱਦਮਾ ਨੰਬਰ 71 ਮਿਤੀ 15-06-2025 ਨੂੰ ਧਾਰਾ 21(1),4(1ਏ) ਮਾਈਨਿੰਗ ਐਂਡ ਮਿਨਰਲ ਐਕਟ 1957 ਤਹਿਤ ਥਾਣਾ ਵੈਰੋਕੇ ਵਿਖੇ ਦਰਜ ਕੀਤਾ ਗਿਆ ਹੈ |