ਫ਼ਾਜ਼ਿਲਕਾ, 17 ਜੂਨ (ਅਮਰਜੀਤ ਸ਼ਰਮਾ)-3704 ਅਧਿਆਪਕ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਜਥੇਬੰਦੀ ਵਲੋਂ ਆਪਣੀਆਂ ਮੰਗਾਂ ਲਈ ਲੁਧਿਆਣਾ ਵਿਖੇ 10 ਜੂਨ ਨੂੰ ਇੱਕ ਵੱਡੀ ਰੋਸ ਰੈਲੀ ਕੀਤੀ ਗਈ ਸੀ | ਇਸ ਉਪਰੰਤ ਲੁਧਿਆਣਾ ਪ੍ਰਸ਼ਾਸਨ ਵੱਲੋਂ 15 ਜੂਨ ਨੂੰ ਯੂਨੀਅਨ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਫਿਲੌਰ ਪੁਲਿਸ ਅਕੈਡਮੀ ਵਿਖੇ ਕਰਵਾਈ ਗਈ | ਇਸ ਮੀਟਿੰਗ ਵਿਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਸਿੱਖਿਆ ਸਕੱਤਰ ਮੈਡਮ ਅਨਿੰਦਿਤਾ ਮਿੱਤਰਾ, ਪ੍ਰਮੁੱਖ ਵਿੱਤ ਸਕੱਤਰ ਕਿ੍ਸ਼ਨ ਕੁਮਾਰ, ਪ੍ਰਸੋਨਲ ਸਕੱਤਰ ਮੈਡਮ ਗੁਰਪ੍ਰੀਤ ਕੌਰ ਸਪਰਾ ਆਦਿ ਹਾਜ਼ਰ ਸਨ | ਇਸ ਮੀਟਿੰਗ ਵਿਚ ਹੋਈ ਗੱਲਬਾਤ ਬਾਰੇ ਯੂਨੀਅਨ ਆਗੂਆਂ ਨੇ ਦੱਸਿਆ ਕਿ ਹਾਈਕੋਰਟ ਦੇ ਫ਼ੈਸਲੇ ਅਨੁਸਾਰ 3704 ਮਾਸਟਰ ਕੇਡਰ ਭਰਤੀ ਤੇ ਪੰਜਾਬ ਪੇਅ ਸਕੇਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ | ਪਰ ਸਰਕਾਰ ਸਪੀਕਿੰਗ ਆਡਰ ਜਾਰੀ ਕਰਨ ਸੰਬੰਧੀ ਟਾਲ ਮਟੋਲ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਕੋਰਟ ਨੇ ਪੰਜਾਬ ਪੇਅ ਸਕੇਲ ਲਾਗੂ ਕਰਨ ਸਬੰਧੀ ਸਰਕਾਰ ਨੂੰ 2 ਮਹੀਨੇ ਦਾ ਸਮਾ ਦਿੱਤਾ ਸੀ | ਇਹ ਸਮਾ 2 ਜੂਨ ਨੂੰ ਪੂਰਾ ਹੋ ਗਿਆ ਹੈ | ਪਰ ਸਰਕਾਰ ਇਸ ਵਿਚ ਦੇਰੀ ਕਰ ਰਹੀ ਹੈ | ਮੀਟਿੰਗ ਵਿਚ ਮੌਜੂਦ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਬਹੁਤ ਜਲਦੀ ਹੀ ਇਸ ਮਸਲੇ ਸਬੰਧੀ ਸਪੀਕਿੰਗ ਆਡਰ ਜਾਰੀ ਕਰ ਦਿੱਤੇ ਜਾਣਗੇ | ਮੈਰਿਟ ਲਿਸਟਾਂ ਰਿਵਾਈਜ਼ਡ ਸਬੰਧੀ ਮੰਗ ਤੇ ਮੁੱਖ ਮੰਤਰੀ, ਸਿੱਖਿਆ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਰੀਕਾਸਟ ਕੀਤੀਆਂ ਲਿਸਟਾਂ ਸਬੰਧੀ ਕਿਸੇ ਅਧਿਆਪਕ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ | ਬਦਲੀਆਂ ਦੇ ਸਬੰਧ ਵਿਚ ਦੋ ਸਾਲ ਦੀ ਸਟੇਅ ਪੂਰੀ ਕਰਨ ਵਾਲੇ ਅਧਿਆਪਕਾਂ ਨੂੰ ਚਲੰਤ ਬਦਲੀਆਂ ਵਿਚ,ਦੂਜੇ ਰਾੳਾੂਡ 'ਚ ਬਦਲੀ ਦਾ ਮੌਕਾ ਦੇਣ ਦਾ ਵਿਸ਼ਵਾਸ ਦਿੱਤਾ ਗਿਆ ਹੈ,ਅੰਗਰੇਜ਼ੀ, ਸਮਾਜਿਕ ਸਿੱਖਿਆ ਦੇ ਅਧਿਆਪਕਾਂ ਦੀਆਂ ਪੋਸਟਾਂ ਸਬੰਧੀ ਬੱਚਿਆਂ ਦੀ ਰੇਸ਼ੋ ਦੇ ਆਧਾਰ 'ਤੇ ਵੰਡ ਸੰਬੰਧੀ ਮਸਲਾ ਹੱਲ ਕਰਾਉਣ ਦਾ ਭਰੋਸਾ ਦਿੱਤਾ ਗਿਆ | ਇਸ ਸਮੇਂ ਆਗੂ ਯਾਦਵਿੰਦਰ ਸਿੰਘ, ਦਵਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਮੈਡਮ ਅਮਨਪ੍ਰੀਤ ਕੌਰ ਆਦਿ ਅਧਿਆਪਕ ਆਗੂ ਹਾਜ਼ਰ ਸਨ |