ਫ਼ਾਜ਼ਿਲਕਾ, 17 ਜੂਨ (ਦਵਿੰਦਰ ਪਾਲ ਸਿੰਘ)-ਸਿਹਤ ਵਿਭਾਗ ਵਲੋਂ ਟਾਹਲੀ ਵਾਲਾ ਬੋਦਲਾ ਬੱਸ ਅੱਡੇ 'ਤੇ ਹਾਈਪਰਟੈਨਸ਼ਨ ਬਾਰੇ ਜਾਗਰੂਕਤਾ ਫੈਲਾਉਣ ਅਤੇ ਬਿਮਾਰੀ ਦੀ ਸਮੇਂ ਸਿਰ ਪਛਾਣ ਕਰਨ ਦੇ ਉਦੇਸ਼ ਨਾਲ ਇੱਕ ਮੁਫ਼ਤ ਬੀ ਪੀ ਸਕਰੀਨਿੰਗ ਕੈਂਪ ਲਗਾਇਆ ਗਿਆ | ਬਲਾਕ ਮਾਸ ਮੀਡੀਆ ਇੰਚਾਰਜ ਦਿਵੇਸ਼ ਕੁਮਾਰ ਨੇ ਦੱਸਿਆ ਕਿ ਕੈਂਪ ਵਿਚ ਡਾਕਟਰਾਂ, ਸੀ.ਐਚ.ਓ ਮੰਜੂ ਬਾਲਾ ਅਤੇ ਸਿਹਤ ਕਰਮਚਾਰੀ ਦੀ ਟੀਮ ਨੇ ਲੋਕਾਂ ਦਾ ਬਲੱਡ ਪ੍ਰੈਸ਼ਰ ਮਾਪਿਆ ਅਤੇ ਉਨ੍ਹਾਂ ਨੂੰ ਹਾਈਪਰਟੈਨਸ਼ਨ ਤੋਂ ਬਚਾਅ ਦੇ ਉਪਾਅ ਦੱਸੇ | ਇਸ ਦੇ ਨਾਲ ਹੀ ਹਾਈ ਬਲੱਡ ਪ੍ਰੈਸ਼ਰ ਨਾਲ ਸੰਬੰਧਿਤ ਸਲਾਹ-ਮਸ਼ਵਰਾ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ | ਸਿਹਤ ਵਿਭਾਗ ਦੀ ਪ੍ਰਤੀਨਿਧੀ ਸੀ.ਐੱਚ.ਓ ਮੰਜੂ ਬਾਲਾ ਨੇ ਕਿਹਾ ਕਿ ਹਾਈ ਬਲੱਡ ਪ੍ਰੈਸ਼ਰ, ਜਿਸ ਨੂੰ ਹਾਈਪਰਟੈਨਸ਼ਨ ਵੀ ਕਿਹਾ ਜਾਂਦਾ ਹੈ, ਇਕ ਆਮ ਸਿਹਤ ਸਮੱਸਿਆ ਹੈ | ਇਹ ਉਦੋਂ ਹੁੰਦਾ ਹੈ ਜਦੋਂ ਖ਼ੂਨ ਦੀਆਂ ਨਾੜੀਆਂ ਵਿਚ ਬਲੱਡ ਪ੍ਰੈਸ਼ਰ ਆਮ ਨਾਲੋਂ ਵੱਧ ਹੁੰਦਾ ਹੈ | ਇਸ ਦੇ ਕਾਰਨਾਂ 'ਚ ਗੈਰ-ਸਿਹਤਮੰਦ ਜੀਵਨ ਸ਼ੈਲੀ, ਜ਼ਿਆਦਾ ਨਮਕ ਦਾ ਸੇਵਨ, ਮੋਟਾਪਾ, ਤਣਾਅ ਅਤੇ ਜੈਨੇਟਿਕਸ ਤੱਤ ਸ਼ਾਮਿਲ ਹਨ | ਇਸ ਦੇ ਲੱਛਣ ਅਕਸਰ ਸਪਸ਼ਟ ਨਹੀਂ ਹੁੰਦੇ, ਪਰ ਸਿਰ ਦਰਦ, ਚੱਕਰ ਆਉਣਾ, ਥਕਾਵਟ ਅਤੇ ਨੱਕ ਵਗਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ | ਹਾਈ ਬਲੱਡ ਪ੍ਰੈਸ਼ਰ ਦੇ ਲੱਛਣਾਂ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਲੱਛਣਾਂ 'ਚ ਸਿਰ ਦਰਦ, ਚੱਕਰ ਆਉਣਾ, ਥਕਾਵਟ, ਧੁੰਦਲੀ ਨਜ਼ਰ, ਛਾਤੀ ਵਿਚ ਦਰਦ, ਸਾਹ ਲੈਣ 'ਚ ਮੁਸ਼ਕਿਲ ਆਦਿ ਸ਼ਾਮਿਲ ਹੋ ਸਕਦੇ ਹਨ |