ਫ਼ਾਜ਼ਿਲਕਾ, 17 ਜੂਨ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਡਾ.ਰਾਜ ਕੁਮਾਰ ਅਤੇ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ.ਸੁਨੀਤਾ ਕੰਬੋਜ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਡੱਬਵਾਲਾ ਕਲਾਂ ਡਾ.ਪੰਕਜ ਚੌਹਾਨ ਦੇ ਯੋਗ ਅਗਵਾਈ ਹੇਠ ਅਤੇ ਵਿਜੇ ਕੁਮਾਰ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਦੀ ਨਿਗਰਾਨੀ ਹੇਠ ਜੰਡਵਾਲਾ ਖਰਤਾ ਵਿਖੇ ਮਲੇਰੀਆ ਬੁਖ਼ਾਰ ਤੋਂ ਬਚਾਅ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ | ਮਲੇਰੀਆ ਬੁਖ਼ਾਰ ਦੇ ਲੱਛਣ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਪ੍ਰਦੀਪ ਕੁਮਾਰ ਮਲਟੀਪਰਪਜ਼ ਹੈਲਥ ਵਰਕਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਈ ਵੀ ਬੁਖ਼ਾਰ ਮਲੇਰੀਆ ਹੋ ਸਕਦਾ ਹੈ | ਮਲੇਰੀਆ ਬੁਖ਼ਾਰ ਦਾ ਇਲਾਜ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕਰਵਾ ਸਕਦਾ ਹੈ | ਇਸ ਦੌਰਾਨ ਬੁਖ਼ਾਰ ਦੇ ਸ਼ੱਕੀ ਮਰੀਜ਼ਾਂ ਦੇ ਮਲੇਰੀਆ ਆਰ ਡੀ ਟੀ ਟੈੱਸਟ ਕੀਤੇ ਗਏ | ਉਨ੍ਹਾਂ ਨੇ ਕਿਹਾ ਕਿ ਆਪਣੇ ਘਰ ਦੇ ਆਲ਼ੇ ਦੁਆਲੇ ਦੀ ਸਫ਼ਾਈ ਰੋਜ਼ਾਨਾ ਕੀਤੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦਾ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ | ਉੱਥੇ ਹਮੇਸ਼ਾ ਮੱਛਰਾਂ ਦੇ ਪੈਦਾ ਹੋਣ ਦਾ ਕਾਰਨ ਬਣਦਾ ਹੈ | ਨਾਲੀਆਂ ਅਤੇ ਟੋਭਿਆਂ ਵਿਚ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਕਾਲਾ ਤੇਲ ਪਾਇਆ ਜਾਵੇ | ਘਰਾਂ ਵਿਚ ਪਏ ਵਾਧੂ ਦੇ ਕਬਾੜ ਨੂੰ ਛੱਤ ਥੱਲੇ ਰੱਖ ਦਿੱਤਾ ਜਾਵੇ ਕੋਈ ਵੀ ਕਬਾੜ ਖੁੱਲ੍ਹੇ ਵਿਹੜੇ ਵਿਚ ਨਾ ਰੱਖਿਆ ਜਾਵੇ | ਘਰ ਵਿਚ ਕੂਲਰਾਂ, ਫ਼ਰਿਜ ਦੀ ਟਰੇਅ, ਗਮਲਿਆਂ ਆਦਿ ਦੀ ਹਫ਼ਤੇ ਵਿਚ ਇੱਕ ਵਾਰ ਸਫ਼ਾਈ ਜ਼ਰੂਰ ਕੀਤੀ ਜਾਵੇ | ਮੱਛਰਾਂ ਤੋਂ ਬਚਾਅ ਲਈ ਪੂਰੀ ਬਾਜ਼ੂ ਵਾਲੇ ਕੱਪੜੇ ਪਾਏ ਜਾਣ ਅਤੇ ਰਾਤ ਨੂੰ ਸੌਣ ਵੇਲੇ ਮੱਛਰਦਾਨੀ ਅਤੇ ਮੱਛਰ ਭਜਾਓ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ | ਪਾਣੀ ਵਾਲੇ ਬਰਤਨਾਂ ਨੂੰ ਹਮੇਸ਼ਾ ਢੱਕ ਕੇ ਰੱਖਿਆ ਜਾਵੇ ਅਤੇ ਇਹਨਾਂ ਦੀ ਹਫ਼ਤੇ ਵਿਚ ਇੱਕ ਦਿਨ ਸਫ਼ਾਈ ਕੀਤੀ ਜਾਵੇ | ਇਸ ਦੌਰਾਨ ਸੀ ਐਚ ਓ ਸੁਨੀਤਾ ਰਾਣੀ, ਗੀਤਾ ਰਾਣੀ ਏ ਐਨ ਐਮ, ਆਸ਼ਾ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ |