ਅਬੋਹਰ, 21 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ) - ਸਥਾਨਕ ਸੀਤੋ ਰੋਡ ਸਥਿਤ ਏਕਤਾ ਕਾਲੋਨੀ ਵਾਸੀ ਬੂਟਾ ਸਿੰਘ ਵਿਰਕ ਕੁਹਾੜਿਆਂ ਵਾਲੀ ਨੇ ਆਸਟੇ੍ਰਲੀਆ ਵਿਖੇ ਹੋਈਆਂ ਮਾਸਟਰ ਅਥਲੀਟ ਖੇਡਾਂ 'ਚ ਭਾਗ ਲੈਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਬੂਟਾ ਸਿੰਘ ਵਿਰਕ ਨੇ ਦੱਸਿਆ ਕਿ ਆਸਟੇ੍ਰਲੀਆ ਦੇ ਮੈਲਬਰਨ ਸ਼ਹਿਰ ਵਿਚ ਪੰਜਾਬ ਸਪੋਰਟਸ ਕਲੱਬ ਵਲੋਂ ਨੌਵਾਂ ਸਾਲਾਨਾ ਖੇਡ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਕਿ੍ਕੇਟ, ਵਾਲੀਬਾਲ, ਸ਼ੂਟਿੰਗ, ਹਾਕੀ, ਬਾਸਕਟਬਾਲ, ਬੈਡਮਿੰਟਨ, ਟੈਨਿਸ, ਮਿਊਜ਼ਿਕਲ ਚੇਅਰ, ਗਤਕਾ, ਦਸਤਾਰ ਮੁਕਾਬਲਾ, ਦੌੜਾਂ ਤੇ ਹੋਰ ਕਈ ਖੇਡਾਂ ਕਰਵਾਈਆਂ ਗਈਆਂ ਜਿਸ ਤਹਿਤ ਉਨ੍ਹਾਂ ਦੋੜਾਂ ਵਿਚ ਭਾਗ ਲੈਂਦੇ ਹੋਏ 100 ਮੀਟਰ ਤੇ 200 ਮੀਟਰ ਦੋੜ ਵਿਚੋਂ ਅੱਵਲ ਆਉਂਦੇ ਹੋਏ 2 ਸੋਨੇ ਦੇ ਤਗਮੇ ਹਾਸਲ ਕੀਤੇ ਹਨ | ਬੂਟਾ ਸਿੰਘ ਵਿਰਕ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਦੇਸ਼ ਤੇ ਵਿਦੇਸ਼ 'ਚ ਕਈ ਥਾਈਾ ਖੇਡਾਂ ਵਿਚ ਭਾਗ ਲੈਂਦੇ ਹੋਏ ਕਈ ਤਗਮੇ ਜਿੱਤ ਚੁੱਕੇ ਹਨ | ਆਸਟੇ੍ਰਲੀਆ ਵਿਚ 2 ਸੋਨੇ ਦੇ ਤਗਮੇ ਜਿੱਤਣ ਤੇ ਉਨ੍ਹਾਂ ਨੂੰ ਲਗਾਤਾਰ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਵਲੋਂ ਵਧਾਈਆਂ ਮਿਲ ਰਹੀਆਂ ਹਨ | ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦਾ ਸੁਨੇਹਾ ਵੀ ਦਿੱਤਾ |