ਅਬੋਹਰ, 21 ਸਤੰਬਰ (ਸੁਖਜੀਤ ਸਿੰਘ ਬਰਾੜ)-ਭਾਜਪਾ ਨੇ ਜੇਕਰ 2027 ਵਿਚ ਬੱਲੂਆਣਾ ਵਿਧਾਨ ਸਭਾ ਤੋਂ ਮੈਨੂੰ ਟਿਕਟ ਦਿੱਤੀ ਤਾਂ ਮੈਂ ਜ਼ਰੂਰ ਚੋਣ ਲੜਾਂਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪਿੰਡ ਗੋਬਿੰਦਗੜ੍ਹ ਦੇ ਸਾਬਕਾ ਸਰਪੰਚ ਅਤੇ ਹਲਕਾ ਬੱਲੂਆਣਾ ਤੋਂ ਭਾਜਪਾ ਦੀ ਟਿਕਟ ਦੇ ਦਾਅਵੇਦਾਰ ਹਰਦੇਵ ਸਿੰਘ ਗੋਬਿੰਦਗੜ੍ਹ ਨੇ ਕਿਹਾ ਕਿ ਹੁਣ ਬੱਲੂਆਣਾ (ਐੱਸ.ਸੀ.) ਰਿਜ਼ਰਵ ਵਿਧਾਨ ਸਭਾ ਹਲਕੇ 'ਚ ਵੀ ਭਾਜਪਾ ਬਹੁਤ ਮਜ਼ਬੂਤ ਹੋ ਗਈ ਹੈ | ਉਨ੍ਹਾਂ ਕਿਹਾ ਕਿ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿਚ ਅਕਾਲੀ ਭਾਜਪਾ ਗੱਠਜੋੜ ਹੁੰਦਾ ਸੀ ਤਾਂ ਇਹ ਸੀਟ ਅਕਾਲੀ ਦਲ ਦੇ ਖਾਤੇ ਵਿਚ ਹੁੰਦੀ ਸੀ ਪਰ ਭਾਜਪਾ 2022 ਵਿਚ ਇਸ ਹਲਕੇ ਤੋਂ ਪਹਿਲੀ ਵਾਰ ਤੇ 2024 ਦੀਆਂ ਲੋਕ-ਸਭਾ ਚੋਣਾਂ 'ਚ ਵੀ ਭਾਜਪਾ ਪਹਿਲੀ ਵਾਰ ਇਕੱਲਿਆਂ ਚੋਣ ਲੜੀ ਹੈ | ਇਨ੍ਹਾਂ ਦੋਵੇਂ ਚੋਣਾਂ ਦੌਰਾਨ ਭਾਜਪਾ ਉਮੀਦਵਾਰਾਂ ਨੂੰ ਅਕਾਲੀ ਉਮੀਦਵਾਰ ਦੇ ਮੁਕਾਬਲੇ ਦੁੱਗਣੀਆਂ ਵੋਟਾਂ ਪਈਆਂ ਹਨ | ਇਸ ਤਰ੍ਹਾਂ ਜਿੱਥੇ ਹੁਣ ਪੂਰੇ ਪੰਜਾਬ ਵਿਚ ਭਾਜਪਾ ਮਜ਼ਬੂਤ ਹੈ ਉੱਥੇ ਹੀ ਬੱਲੂਆਣਾ ਹਲਕੇ 'ਚ ਵੀ ਭਾਜਪਾ ਬਹੁਤ ਮਜ਼ਬੂਤ ਹੈ ਤੇ ਇਕੱਲਿਆਂ ਚੋਣ ਲੜਕੇ ਵੀ ਇਹ ਵਿਧਾਨ ਸਭਾ ਸੀਟ ਜਿੱਤਣ ਦਾ ਦਮ ਰੱਖਦੀ ਹੈ | ਉਨ੍ਹਾਂ ਕਿਹਾ ਉਹ ਖ਼ੁਦ ਵੀ ਇਸ ਵਾਰ ਬੱਲੂਆਣਾ ਹਲਕੇ ਤੋਂ ਭਾਜਪਾ ਦੀ ਟਿਕਟ ਦੇ ਦਾਅਵੇਦਾਰ ਹਨ | ਜੇਕਰ ਭਾਜਪਾ 2027 ਵਿਚ ਉਨ੍ਹਾਂ ਨੂੰ ਇਸ ਹਲਕੇ ਤੋਂ ਟਿਕਟ ਦੇ ਕੇ ਉਮੀਦਵਾਰ ਬਣਾਏਗੀ ਤਾਂ ਉਹ ਇਹ ਸੀਟ ਜਿੱਤ ਕੇ ਭਾਜਪਾ ਦੀ ਝੋਲੀ ਵਿਚ ਪਾਉਣਗੇ |