ਅਬੋਹਰ, 17 ਅਕਤੂਬਰ (ਵਿਵੇਕ ਹੂੜੀਆ)- ਅਬੋਹਰ ਦੇ ਪਿੰਡ ਖੂਈਆਂ ਸਰਵਰ ਨਿਵਾਸੀ ਅਤੇ ਬਕੈਣਵਾਲਾ ਪਿੰਡ 'ਚ ਪੀ.ਡਬਲਿਯੂ.ਡੀ. ਵਿਭਾਗ ਵਿਚ ਕੰਮ ਕਰਨ ਵਾਲਾ ਵਿਅਕਤੀ ਕੱਲ੍ਹ ਅਚਾਨਕ ਭੇਦਭਰੇ ਹਾਲਾਤ ਵਿਚ ਲਾਪਤਾ ਹੋ ਗਿਆ ਸੀ ਜਿਸ ਦਾ ਮੋਟਰਸਾਈਕਲ ਅਤੇ ਚੱਪਲਾਂ ਨਹਿਰ ਦੇ ਕਿਨਾਰੇ ਤੋਂ ਮਿਲੀਆਂ ਸਨ | ਉਸ ਦੇ ਪਰਿਵਾਰਕ ਮੈਂਬਰ ਉਸ ਦੀ ਭਾਲ ਕਰ ਰਹੇ ਸਨ ਕਿ ਦੁਪਹਿਰ ਸਮੇਂ ਉਸ ਦੀ ਲਾਸ਼ ਪਿੰਡ ਪੰਜਾਬਾ ਤੋਂ ਲੰਘਦੀ ਗੰਗ ਕੈਨਾਲ ਨਹਿਰ 'ਚੋਂ ਮਿਲੀ | ਥਾਣਾ ਖੂਈਆਂ ਸਰਵਰ ਪੁਲਿਸ ਨੇ ਮਿ੍ਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿਚ ਰੱਖ ਦਿੱਤਾ ਹੈ | ਜਾਣਕਾਰੀ ਅਨੁਸਾਰ ਮਹਿੰਦਰ ਪੁੱਤਰ ਗੁਰਵਿੰਦਰ ਸਿੰਘ ਬਕੈਣਵਾਲਾ 'ਚ ਪੀ.ਡਬਲਿਯੂ ਡੀ. ਵਿਚ ਕੰਮ ਕਰਦਾ ਸੀ | ਬੀਤੇ ਕੱਲ੍ਹ ਪਰਿਵਾਰਕ ਮੈਂਬਰਾਂ ਨੇ ਖ਼ੁਦ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਪੁਲਿਸ ਅਤੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਨੂੰ ਸੂਚਿਤ ਕੀਤਾ | ਇਸ ਦੌਰਾਨ ਅੱਜ ਕਮੇਟੀ ਮੈਂਬਰਾਂ ਨੂੰ ਸੂਚਨਾ ਮਿਲੀ ਕਿ ਪੰਜਾਬਾ ਪਿੰਡ ਵਿਚੋਂ ਲੰਘਦੀ ਗੰਗ ਕੈਨਾਲ ਨਹਿਰ ਵਿਚ ਇੱਕ ਲਾਸ਼ ਫਸੀ ਹੋਈ ਹੈ ਜਿਸ 'ਤੇ ਕਮੇਟੀ ਮੈਂਬਰ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਮੌਕੇ 'ਤੇ ਪਹੁੰਚੇ ਤੇ ਪੁਲਿਸ ਨੂੰ ਸੂਚਿਤ ਕੀਤਾ | ਸੂਚਨਾ ਮਿਲਦੇ ਹੀ ਮਹਿੰਦਰ ਦਾ ਛੋਟਾ ਪੁੱਤਰ ਅਮਨਦੀਪ ਵੀ ਮੌਕੇ 'ਤੇ ਪਹੁੰਚ ਗਿਆ ਤੇ ਉਸ ਦੀ ਪਛਾਣ ਉਸ ਦੇ ਪਿਤਾ ਮਹਿੰਦਰ ਵਜੋਂ ਕੀਤੀ | ਅਮਨਦੀਪ ਨੇ ਕਿਹਾ ਕਿ ਉਸ ਦੇ ਪਿਤਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਤੇ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਸ ਨੇ ਅਜਿਹਾ ਭਿਆਨਕ ਕਦਮ ਕਿਉਂ ਚੁੱਕਿਆ | ਇਸ ਦੌਰਾਨ ਪੁਲਿਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿਚ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ | ਮਿ੍ਤਕ ਦੀਆਂ ਦੋ ਧੀਆਂ ਤੇ ਦੋ ਪੁੱਤਰ ਹਨ | ਇਸ ਘਟਨਾ ਨੇ ਪੂਰੇ ਪਿੰਡ 'ਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ |