ਮੱਖੂ, 17 ਅਕਤੂਬਰ (ਕੁਲਵਿੰਦਰ ਸਿੰਘ ਸੰਧੂ)- ਖੇਤਰ ਦੀਆਂ ਮੰਡੀਆਂ 'ਚ ਝੋਨੇ ਦੀ ਖ਼ਰੀਦ ਜ਼ੋਰਾਂ 'ਤੇ ਚੱਲ ਰਹੀ ਹੈ | ਕਿਸਾਨ ਤੇ ਆੜ੍ਹਤੀਏ ਦੋਵੇਂ ਚਾਹੁੰਦੇ ਹਨ ਕਿ ਝੋਨਾ ਸਮੇਂ 'ਤੇ ਸੁਚਾਰੂ ਤਰੀਕੇ ਨਾਲ ਖ਼ਰੀਦਿਆ ਜਾਵੇ | ਉਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਮੱਖੂ ਦੇ ਚੇਅਰਮੈਨ ਕੈਪਟਨ ਨਛੱਤਰ ਸਿੰਘ ਵਰਪਾਲ ਤੇ ਯੂਥ ਆਗੂ ਅਨਿਲ ਧਵਨ ਡੀ.ਸੀ. ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਮੱਖੂ ਨੇ 'ਅਜੀਤ' ਪ੍ਰਤੀਨਿਧੀ ਨਾਲ ਸਾਂਝਾ ਕਰਦਿਆਂ ਕਿਹਾ ਕਿ ਕਿਸਾਨ ਭਰਾ ਆਪਣਾ ਝੋਨਾ ਪੂਰੀ ਤਰ੍ਹਾਂ ਪੱਕਾ ਤੇ ਸੁਕਾ ਕਰਕੇ ਹੀ ਮੰਡੀ 'ਚ ਲੈ ਕੇ ਆਉਣ | ਉਨ੍ਹਾਂ ਕਿਹਾ ਕਿ ਕਈ ਵਾਰ ਕਿਸਾਨ ਜਲਦੀ 'ਚ ਹਰਾ ਝੋਨਾ ਵੱਢ ਕੇ ਮੰਡੀ 'ਚ ਲਿਆਉਂਦੇ ਹਨ ਜਿਸ ਨਾਲ ਉਨ੍ਹਾਂ ਦਾ ਆਪ ਦਾ ਵੀ ਆਰਥਿਕ ਨੁਕਸਾਨ ਹੁੰਦਾ ਹੈ ਤੇ ਆੜ੍ਹਤੀਏ ਵੀਰਾਂ ਨੂੰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕੈਪਟਨ ਵਰਪਾਲ ਨੇ ਕਿਹਾ ਕਿ ਮਾਰਕੀਟ ਕਮੇਟੀ ਮੱਖੂ ਵਲੋਂ ਮੇਨ ਮੰਡੀ ਤੇ ਫੋਕਲ ਪੁਆਇੰਟਾਂ 'ਚ ਝੋਨੇ ਦੀ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਮੰਡੀਆਂ ਵਿਚ ਆਉਣ ਵਾਲੇ ਕਿਸਾਨਾਂ ਨੂੰ ਕੋਈ ਖੱਜਲ-ਖਰਾਬੀ ਨਹੀਂ ਹੋ ਰਹੀ ਤੇ ਜੋ ਕਿਸਾਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਦੇ ਹਨ | ਉਹ ਸਿੱਧਾ ਮਾਰਕੀਟ ਕਮੇਟੀ ਨਾਲ ਸੰਪਰਕ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਪੂਰੀ ਤਰ੍ਹਾਂ ਸੁੱਕਾ ਝੋਨਾ ਨਾਲ ਦੀ ਨਾਲ ਹੀ ਖ਼ਰੀਦਿਆ ਜਾ ਰਿਹਾ ਹੈ, ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਝੋਨਾ ਪੂਰੀ ਤਰ੍ਹਾਂ ਤਿਆਰ ਕਰਕੇ ਹੀ ਮੰਡੀ 'ਚ ਲੈ ਕੇ ਆਉਣ |