ਅਬੋਹਰ, 6 ਨਵੰਬਰ (ਵਿਵੇਕ ਹੂੜੀਆ)-ਬੀਤੀ ਦੇਰ ਰਾਤ ਅਬੋਹਰ ਦੇ ਹਨੰੂਮਾਨਗੜ੍ਹ ਰੋਡ 'ਤੇ ਪਿੰਡ ਬਾਹਵਵਾਲਾ ਨੇੜੇ ਇਕ ਟਰਾਲੇ ਅਤੇ ਇਕ ਪਿਕਅੱਪ ਟਰੱਕ ਦੀ ਜ਼ਬਰਦਸਤ ਟੱਕਰ ਹੋ ਗਈ | ਹਾਦਸਾ ਇੰਨਾ ਭਿਆਨਕ ਸੀ ਕਿ ਪਿਕਅਪ ਵਿਚ ਸਵਾਰ ਇਕ ਯਾਤਰੀ ਦੀ ਦਰਦਨਾਕ ਮੌਤ ਹੋ ਗਈ | ਦੋ ਹੋਰ ਜ਼ਖਮੀ ਹੋ ਗਏ | ਸੂਚਨਾ ਮਿਲਣ 'ਤੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਮੈਂਬਰ ਬੀਤੀ ਦੇਰ ਰਾਤ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ | ਮਿ੍ਤਕ ਦੀ ਲਾਸ਼ ਜਿਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ, ਨੂੰ ਹਸਪਤਾਲ ਦੇ ਮੁਰਦਾ ਘਰ ਵਿਚ ਰੱਖਿਆ ਗਿਆ ਹੈ | ਜਾਣਕਾਰੀ ਅਨੁਸਾਰ ਪਿੰਡ ਰਾਮਸਰਾ ਦੇ ਰਹਿਣ ਵਾਲੇ ਕਾਕਾ ਸਿੰਘ, ਪਿੰਡ ਮਿਦਾਸਰ ਦੇ ਰਹਿਣ ਵਾਲੇ ਕੁਲਦੀਪ ਸਿੰਘ ਅਤੇ ਇਕ ਹੋਰ ਵਿਅਕਤੀ ਰਾਤ 11 ਵਜੇ ਦੇ ਕਰੀਬ ਸੀਤੋ ਗੰੁਨੋ੍ਹ ਤੋਂ ਅਬੋਹਰ ਜਾ ਰਹੇ ਸਨ, ਜਦੋਂ ਉਹ ਪਿੰਡ ਬਾਹਵਵਾਲਾ ਨੇੜੇ ਪਹੁੰਚੇ ਤਾਂ ਅਬੋਹਰ ਤੋਂ ਹਨੂਮਾਨਗੜ੍ਹ ਵੱਲ ਜਾ ਰਹੇ ਇਕ ਟਰਾਲੇ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿਕਅਪ ਦੇ ਟੁਕੜੇ-ਟੁਕੜੇ ਹੋ ਗਏ ਅਤੇ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਿਸ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ, ਜਦੋਂ ਕਿ ਹਾਦਸੇ ਵਿਚ ਕਾਕਾ ਸਿੰਘ ਅਤੇ ਕੁਲਦੀਪ ਸਿੰਘ ਜ਼ਖਮੀ ਹੋ ਗਏ | ਆਸ-ਪਾਸ ਦੇ ਲੋਕਾਂ ਨੇ ਇਸ ਬਾਰੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਨੂੰ ਸੂਚਿਤ ਕੀਤਾ | ਸੂਚਨਾ ਮਿਲਣ 'ਤੇ ਕਮੇਟੀ ਮੈਂਬਰ ਸੋਨੂੰ ਗਰੋਵਰ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ, ਜਦੋਂ ਕਿ ਬਹਾਵਵਾਲਾ ਥਾਣਾ ਪੁਲਿਸ ਨੇ ਮਿ੍ਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿਚ ਰੱਖ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਟਰੱਕ ਡਰਾਈਵਰ ਆਪਣਾ ਟਰੱਕ ਉੱਥੇ ਹੀ ਛੱਡ ਕੇ ਭੱਜ ਗਿਆ |