ਮੰਡੀ ਅਰਨੀਵਾਲਾ, 25 ਨਵੰਬਰ (ਨਿਸ਼ਾਨ ਸਿੰਘ ਮੋਹਲ਼ਾ)-ਰੇਡੀਐਂਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਇਲਾਕੇ ਦੀ ਨਾਮਵਰ ਸੰਸਥਾ ਹੈ, ਜਿੱਥੇ ਅਕਾਦਮਿਕ ਦੇ ਨਾਲ-ਨਾਲ ਸਕੂਲ ਦੇ ਵਿਚ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ | ਜਿਸ ਦੇ ਤਹਿਤ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਦੋ ਦਿਨਾਂ ਕੈਂਪ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ | ਇਹ ਕੈਂਪ ਕੇਵਲ ਲੜਕੀਆਂ ਲਈ ਸੀ, ਦੀ ਸ਼ੁਰੂਆਤ ਮੌਕੇ ਵਿਸ਼ੇਸ਼ ਰੂਪ ਵਿਚ ਚੀਫ਼ ਗੈੱਸਟ ਡਾ.ਅਨੰਨਿਆ ਛਾਬੜਾ, ਸ਼੍ਰੀਮਤੀ ਨੀਰੂ ਚਾਵਲਾ ਅਤੇ ਸ਼੍ਰੀਮਤੀ ਐਨੀ ਨੇ ਹਾਜ਼ਰੀ ਭਰੀ | ਇਸ ਦੇ ਨਾਲ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਟੱਡੀ ਸਰਕਲ, ਅਬੋਹਰ-ਸ਼੍ਰੀ ਗੰਗਾਨਗਰ ਤੋਂ ਜ਼ੋਨਲ ਪ੍ਰਧਾਨ ਭਾਈ ਬਲਵੰਤ ਸਿੰਘ ਅਤੇ ਭਾਈ ਮਨਮੋਹਨ ਸਿੰਘ ਨੇ ਬੱਚਿਆਂ ਨੂੰ ਸ਼ਖ਼ਸੀਅਤ ਉਸਾਰੀ, ਗੁਰਮਤਿ ਜੀਵਨ ਅਤੇ ਸਮਾਜਕ ਮੁੱਲਾਂ ਬਾਰੇ ਚਾਨਣਾ ਪਾਇਆ | ਕੈਂਪ ਦੌਰਾਨ ਬੱਚਿਆਂ ਨੇ ਵੱਖ-ਵੱਖ ਐਕਟੀਵਿਟੀਆਂ ਜਿਵੇਂ ਉਦਘਾਟਨ ਸਮਾਰੋਹ, ਮਨੋਰੰਜਕ ਖੇਡਾਂ, ਸਟੱਡੀ ਸਰਕਲ ਵਲੋਂ ਪ੍ਰੇਰਣਾਤਮਕ ਲੈਕਚਰ, ਨਿੱਤਨੇਮ/ਜਾਪ, ਪ੍ਰੇਰਣਾਤਮਕ ਫ਼ਿਲਮ, ਰਾਤ ਦਾ ਖਾਣਾ ਤੇ ਬੋਨਫਾਇਰ, ਸਵੇਰ ਦਾ ਯੋਗਾ ਅਤੇ ਵਿਆਯਾਮ ਵਿਚ ਵਧ-ਚੜ੍ਹ ਕੇ ਹਿੱਸਾ ਲਿਆ | ਕੈਂਪ ਦੇ ਦੂਜੇ ਦਿਨ ਕਾਰ ਸੇਵਾ ਦਿੱਲੀ ਵਾਲੇ ਸੰਤ ਮਹਾਂਪੁਰਸ਼ ਬਾਬਾ ਬਿੱਕਰ ਸਿੰਘ , ਗੁਰਦੁਆਰਾ ਬੱਡ ਤੀਰਥ ਸਾਹਿਬ, ਹਰੀਪੁਰਾ ਨੇ ਆਪਣੇ ਅਸ਼ੀਰਵਚਨ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਜੀਵਨ ਵੱਲ ਪ੍ਰੇਰਿਤ ਕੀਤਾ | ਅੰਤ ਵਿਚ ਸ੍ਰੀ ਸੁਖਮਣੀ ਸੇਵਾ ਸੋਸਾਇਟੀ ਅਰਨੀਵਾਲਾ ਵਲੋਂ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਅਤੇ ਸਕੂਲ ਦੇ ਵਲੋਂ ਅਤੁੱਟ ਲੰਗਰ ਦੀ ਸੇਵਾ ਨਿਭਾਈ ਗਈ | ਜ਼ਿਕਰਯੋਗ ਹੈ ਕਿ ਇਹ ਕੈਂਪ ਉਸ ਵੇਲੇ ਹੋਰ ਸ਼ਾਨਦਾਰ ਬਣ ਗਿਆ ਜਦੋਂ ਬੱਚਿਆਂ ਨੇ ਖ਼ੁਦ ਖਾਣਾ ਤਿਆਰ ਕੀਤਾ ਅਤੇ ਲੰਗਰ ਦੀ ਸੇਵਾ ਵੀ ਬੱਚਿਆਂ ਨੇ ਖ਼ੁਦ ਹੀ ਕੀਤੀ | ਐਗਜ਼ੀਕਿਊਟਿਵ ਡਾਇਰੈਕਟਰ ਪੰਕਜ ਧਮੀਜਾ ਨੇ ਕਿਹਾ ਕਿ ਇਹ ਕੈਂਪ ਲੜਕੀਆਂ ਦੇ ਭਵਿੱਖ ਲਈ ਇਕ ਮਜ਼ਬੂਤ ਨੀਂਹ ਰੱਖਦਾ ਹੈ | ਸ਼ਖ਼ਸੀਅਤ ਉਸਾਰੀ ਦਾ ਸਫ਼ਰ ਸਿਰਫ਼ ਕਿਤਾਬਾਂ ਨਾਲ ਹੀ ਨਹੀਂ ਸਗੋਂ ਤਜਰਬਿਆਂ, ਸੇਵਾ ਅਤੇ ਆਤਮ-ਚਿੰਤਨ ਨਾਲ ਪੂਰਾ ਹੁੰਦਾ ਹੈ | ਸਕੂਲ ਹਮੇਸ਼ਾ ਇਸ ਮਿਸ਼ਨ 'ਤੇ ਕਾਇਮ ਰਹੇਗਾ ਕਿ ਬੱਚੇ ਗਿਆਨ ਦੇ ਨਾਲ-ਨਾਲ ਚੰਗੇ ਚਰਿੱਤਰ ਵਾਲੇ ਨਾਗਰਿਕ ਬਣ ਸਕਣ | ਪਿ੍ੰਸੀਪਲ ਮੈਡਮ ਨੀਤੀ ਸਿੰਘ ਨੇ ਕਿਹਾ ਕਿ ਅਸੀਂ ਲੜਕੀਆਂ ਨੂੰ ਸਿਰਫ਼ ਪੜ੍ਹਾਅ ਨਹੀਂ ਰਹੇ, ਸਗੋਂ ਉਨ੍ਹਾਂ ਨੂੰ ਆਤਮ-ਵਿਸ਼ਵਾਸ, ਆਤਮ-ਨਿਰਭਰਤਾ ਅਤੇ ਸਹੀ ਜੀਵਨ ਮੁੱਲਾਂ ਨਾਲ ਜੋੜ ਰਹੇ ਹਾਂ | ਇਸ ਕੈਂਪ ਵਿਚ ਬੱਚੀਆਂ ਦਾ ਜੋਸ਼ ਅਤੇ ਅਨੁਸ਼ਾਸਨ ਕਾਬਿਲ-ਏ-ਤਾਰੀਫ਼ ਰਿਹਾ | ਅਕਾਦਮਿਕ ਮੁਖੀ ਮੈਡਮ ਗੁਰਵੀਨ ਕੌਰ ਨੇ ਕਿਹਾ ਕਿ ਗਤੀਵਿਧੀਆਂ ਰਾਹੀਂ ਸਿੱਖਿਆ ਸਭ ਤੋਂ ਪ੍ਰਭਾਵਸ਼ਾਲੀ ਹੁੰਦੀ ਹੈ | ਬੱਚਿਆਂ ਨੇ ਹਰ ਸੈਸ਼ਨ ਵਿਚ ਦਿਲਚਸਪੀ ਨਾਲ ਹਿੱਸਾ ਲਿਆ ਅਤੇ ਇਹ ਕੈਂਪ ਉਨ੍ਹਾਂ ਦੀ ਸ਼ਖ਼ਸੀਅਤ ਨਿਰਮਾਣ ਵਿਚ ਇਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ | ਸਮੂਹ ਸਟਾਫ਼ ਦੇ ਸਹਿਯੋਗ ਸਦਕਾ ਇਹ ਕੈਂਪ ਸਫਲਤਾ ਪੂਰਵਕ ਹੋਰ ਨਿੱਬੜਿਆ |
ਰੇਡੀਐਂਟ ਪਬਲਿਕ ਸਕੂਲ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਖ਼ਸੀਅਤ ਉਸਾਰੀ ਕੈਂਪ ਲਗਾਇਆ <br/>
ਅਜੀਤ ਡੈਸਕ
26-11-2025