ਅਬੋਹਰ, 25 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਪਿੰਡ ਡੰਗਰ ਖੇੜਾ ਵਿਖੇ ਸਥਿਤ ਇਤਿਹਾਸਕ ਬਸੰਤੀ ਮਾਤਾ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 27 ਨਵੰਬਰ ਦਿਨ ਵੀਰਵਾਰ ਨੂੰ ਬਸੰਤੀ ਮਾਤਾ ਮੰਦਰ ਦਾ 107ਵਾਂ ਸਥਾਪਨਾ ਦਿਵਸ ਪੂਰੇ ਉਤਸ਼ਾਹ, ਪਰੰਪਰਾਵਾਂ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ | ਇਹ ਵਿਸ਼ਾਲ ਜਾਗਰਨ ਇਲਾਕੇ ਦੇ ਪ੍ਰਮੁੱਖ ਧਾਰਮਿਕ ਸਮਾਗਮਾਂ ਵਿਚੋਂ ਇਕ ਮੰਨਿਆ ਜਾਂਦਾ ਹੈ | ਇਸ ਦੌਰਾਨ ਮੰਦਰ ਕਮੇਟੀ ਅਤੇ ਸਥਾਨਕ ਪਿੰਡ ਵਾਸੀਆਂ ਵਲ਼ੋਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ | ਮੰਦਰ ਪਰਿਸਰ ਨੂੰ ਰੰਗ-ਬਿਰੰਗੀਆਂ ਲਾਈਟਾਂ, ਆਕਰਸ਼ਕ ਸਜਾਵਟ ਅਤੇ ਧਾਰਮਿਕ ਪ੍ਰਤਿਮਾਵਾਂ ਨਾਲ ਸਜਾਇਆ ਜਾ ਰਿਹਾ ਹੈ | ਜਿਸ ਨਾਲ ਪੂਰਾ ਮਾਹੌਲ ਭਗਤੀ ਮਈ ਬਣ ਚੁੱਕਾ ਹੈ | ਮੰਦਰ ਦੇ ਪੁਜਾਰੀ ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਸਥਾਪਨਾ ਦਿਵਸ ਦੇ ਮੌਕੇ ਸਵੇਰੇ ਵਿਸ਼ੇਸ਼ ਪੁਜਾ-ਅਰਚਨਾ, ਹਵਨ ਅਤੇ ਕੰਜਕ ਪੂਜਾ ਵੀ ਕਰਵਾਈ ਜਾਵੇਗੀ | ਇਸ ਦੌਰਾਨ ਸ਼ਾਮ ਨੂੰ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ | ਇਸ ਦੌਰਾਨ ਰਾਤ ਨੂੰ ਵਿਸ਼ਾਲ ਜਾਗਰਨ ਵਿਚ ਪ੍ਰਸਿੱਧ ਭਜਨ ਗਾਇਕ ਪਵਨ ਬੈਨੀਵਾਲ ਆਪਣੇ ਭਜਨ ਅਤੇ ਭੇਟਾਂ ਰਾਹੀਂ ਸ਼ਰਧਾਲੂਆਂ ਨੂੰ ਭਗਤੀ ਵਿਚ ਅੰਤਰਮਨ ਕਰਨਗੇ | ਇਸ ਤੋਂ ਇਲਾਵਾ ਸਥਾਨਕ ਭਜਨ ਮੰਡਲੀਆਂ ਵੀ ਆਪਣੀਆਂ ਭਗਤੀ ਮਈ ਪ੍ਰਸਤੁਤੀਆਂ ਦੇਣਗੀਆਂ | ਇਸ ਮੌਕੇ ਮੰਦਰ ਕਮੇਟੀ ਨੇ ਇਲਾਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦੀ ਅਪੀਲ ਵੀ ਕੀਤੀ ਹੈ | ਮੰਦਰ ਦੇ ਸੰਸਥਾਪਕ ਸਵ. ਬਹਾਦਰ ਸਿੰਘ ਨੰਬਰਦਾਰ ਦੇ ਪੋਤੇ ਵਿਕੀ ਨੰਬਰਦਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਾਲਾਨਾ ਸਮਾਗਮ ਨਾ ਕੇਵਲ ਧਾਰਮਿਕ ਤੌਰ 'ਤੇ ਮਹੱਤਵਪੂਰਨ ਹੈ ਸਗੋਂ ਇਲਾਕੇ ਦੀ ਸਮਾਜਿਕ ਤੇ ਸਭਿਆਚਾਰਕ ਏਕਤਾ ਦਾ ਵੀ ਪ੍ਰਤੀਕ ਹੈ |