ਜੈਂਤੀਪੁਰ, 17 ਜੂਨ (ਭੁਪਿੰਦਰ ਸਿੰਘ ਗਿੱਲ)-ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਪਾਖਰਪੁਰ ਦੇ ਇੱਕ ਖਪਤਕਾਰ ਵਲੋਂ ਸਬ-ਸਟੇਸ਼ਨ ਬਿਜਲੀ ਘਰ ਉਦੋਕੇ ਵਿਖੇ ਲਿਖਤੀ ਸ਼ਿਕਾਇਤ ਕੀਤੀ ਕਿ ਸਾਡੇ ਪਿੰਡ ਦੇ ਸਾਰੇ ਮੀਟਰ ਘਰਾਂ ਤੋਂ ਬਾਹਰ ਵੱਖ-ਵੱਖ ਬਕਸਿਆਂ ਵਿਚ ਲੱਗੇ ਹੋਏ ਹਨ, ਪਰ ਤਿੰਨ ਚਾਰ ਪਰਿਵਾਰਾਂ ਦੇ ਬਕਸੇ ਉਨ੍ਹਾਂ ਦੇ ਘਰ ਦੇ ਬਾਹਰ ਹੀ ਇੱਕਲੇ ਇੱਕਲੇ ਲਾਏ ਹੋਏ ਹਨ, ਜੋ ਕਿ ਰੋਜ਼ਾਨਾ ਹੀ ਕੁੰਡੀ ਲਗਾ ਕੇ ਬਿਜਲੀ ਚੋਰੀ ਕਰਦੇ ਹਨ | ਸੰਬੰਧਤ ਐੱਸ. ਡੀ. ਓ. ਵਲੋਂ ਜੇ. ਈ. ਨੂੰ ਲੈਟਰ ਮਾਰਕ ਕੀਤੀ ਗਈ, ਬਿਜਲੀ ਬੋਰਡ ਦੀ ਟੀਮ ਆਉਣ ਤੋਂ ਪਹਿਲਾਂ ਹੀ ਕੁਝ ਚਿਰ ਕੁੰਡੀਆਂ ਲੱਥ ਗਈਆਂ | ਇਸ ਸੰਬੰਧੀ ਸੰਬੰਧਿਤ ਜੇ.ਈ. ਦਿਲਬਾਗ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਨ੍ਹਾਂ ਫੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ | ਇਸ ਸੰਬੰਧੀ ਸੰਬੰਧਿਤ ਐੱਸ.ਡੀ.ਓ. ਉਦੋਕੇ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਜਿਹੜੀ ਖਬਰ ਲਗਾਉਣੀ ਲਗਾ ਲਵੋ ਅਸੀਂ ਕਿਸੇ ਦੇ ਡਾਂਗ ਥੋੜਾ ਮਾਰ ਦੇਣੀ ਆ | ਇਸ ਸੰਬੰਧੀ ਜਦ ਐਕਸੀਅਨ ਅੰਮਿ੍ਤਸਰ ਦਿਹਾਤੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਤੁਹਾਡੇ ਵਲੋਂ ਪਤਾ ਲੱਗਾ ਹੈ ਮੈਂ ਸਾਰੇ ਮਾਮਲੇ ਦੀ ਹੁਣੇ ਪੜਤਾਲ ਕਰਦਾ ਹਾਂ | ਅਖ਼ੀਰ ਪੀੜਤ ਨੇ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਮੰਗ ਕੀਤੀ ਕਿ ਇਹੋ ਜਿਹੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ |