ਅੰਮਿ੍ਤਸਰ, 17 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਅੰਮਿ੍ਤਸਰ ਖਪਤਕਾਰ ਭਲਾਈ ਫੋਰਮ ਦੇ ਕੋਆਰਡੀਨੇਟਰ ਸੁਨੀਲ ਚੋਪੜਾ ਨੇ ਸਰਕਾਰ ਨੂੰ ਵਾਹਨ ਨੀਤੀ 'ਤੇ ਹਮਦਰਦੀ ਨਾਲ ਵਿਚਾਰ ਕਰਨ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਐੱਨ. ਜੀ. ਟੀ. ਦੁਆਰਾ ਵਾਹਨਾਂ 'ਤੇ ਲਗਾਏ ਜਾ ਰਹੇ 10 ਸਾਲ ਅਤੇ 15 ਸਾਲ ਦੇ ਨਿਯਮ ਪੂਰੀ ਤਰ੍ਹਾਂ ਗ਼ਲਤ ਹਨ ਅਤੇ ਆਟੋਮੋਬਾਈਲ ਲਾਬੀ ਨੂੰ ਲਾਭ ਪਹੁੰਚਾਉਣ ਲਈ ਜਨਤਾ ਦਾ ਇਕ ਤਰ੍ਹਾਂ ਦਾ ਸ਼ੋਸ਼ਣ ਹੈ | ਇਹ ਵਪਾਰਕ ਵਾਹਨਾਂ ਲਈ ਠੀਕ ਹੈ ਪਰ ਨਿੱਜੀ ਵਾਹਨਾਂ ਲਈ ਇਹ ਇਕ ਟਰੰਪ-ਅਪ ਫ਼ਰਮਾਨ ਹੈ | ਨਿੱਜੀ ਵਾਹਨਾਂ ਦੀ ਹਰ 6 ਮਹੀਨਿਆਂ ਬਾਅਦ ਪ੍ਰਦੂਸ਼ਨ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਨੂੰ ਪ੍ਰਦੂਸ਼ਣ ਮੁਕਤ ਸਰਟੀਫਿਕੇਟ ਮਿਲ ਸਕੇ ਅਤੇ ਦੂਜਾ, ਲੋਕ ਆਪਣੇ ਨਿੱਜੀ ਵਾਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹਨ | ਪੈਟਰੋਲ ਬਹੁਤ ਮਹਿੰਗਾ ਹੋਣ ਕਾਰਨ, ਲੋਕ ਆਪਣੇ ਵਾਹਨ ਸਿਰਫ ਜ਼ਰੂਰੀ ਕੰਮ ਲਈ ਹੀ ਬਾਹਰ ਕੱਢਦੇ ਹਨ | ਜ਼ਿਆਦਾਤਰ ਸਮਾਂ ਉਹ ਘਰ 'ਚ ਖੜ੍ਹੇ ਰਹਿੰਦੇ ਹਨ ਅਤੇ 10 ਜਾਂ 15 ਸਾਲਾਂ ਬਾਅਦ ਵੀ ਉਹ ਨਵੇਂ ਹੀ ਰਹਿੰਦੇ ਹਨ | ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਨਿੱਜੀ ਵਾਹਨਾਂ 'ਤੇ ਸਮਾਂ ਸੀਮਾ ਖਤਮ ਕੀਤੀ ਜਾਵੇ ਅਤੇ ਨਿੱਜੀ ਦੋ-ਪਹੀਆ ਵਾਹਨਾਂ ਅਤੇ ਚਾਰ-ਪਹੀਆ ਵਾਹਨਾਂ 'ਤੇ ਐੱਨ. ਜੀ. ਟੀ. ਦੀ ਮਨਮਾਨੀ ਨਾ ਥੋਪੀ ਜਾਵੇ |