30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਰਾਜਨੀਤਿਕ ਪਾਰਟੀਆਂ ਤੇ ਕਾਰੋਬਾਰੀਆਂ ਦੀ ਮਸ਼ਹੂਰੀ ਵਾਲੇ ਪੋਸਟਰ ਸ਼ਹਿਰ ਦੀ ਖ਼ੂਬਸੂਰਤੀ ਨੂੰ ਲਗਾ ਰਹੇ ਢਾਹ

ਅਜੀਤ ਡੈਸਕ 19-06-2025
ਅੰਮਿ੍ਤਸਰ, 18 ਜੂਨ (ਸੁਰਿੰਦਰ ਕੋਛੜ)-ਸੱਤਾਧਾਰੀ ਰਾਜਨੀਤਿਕ ਪਾਰਟੀਆਂ ਅਤੇ ਕਾਰੋਬਾਰੀ ਅਦਾਰਿਆਂ ਵਲੋਂ ਪ੍ਰਚਾਰ ਅਤੇ ਮਸ਼ਹੂਰੀ ਲਈ ਸ਼ਹਿਰ ਦੇ ਵਿਰਾਸਤੀ ਸਮਾਰਕਾਂ ਦੇ ਨਾਲ-ਨਾਲ ਹੋਰਨਾਂ ਮਹੱਤਵਪੂਰਨ ਜਨਤਕ ਸਥਾਨਾਂ ਨੂੰ ਵੀ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ | ਇਹ ਇਸ਼ਤਿਹਾਰੀ ਪੋਸਟਰ ਜਿੱਥੇ ਸ਼ਹਿਰ ਦੀ ਖ਼ੂਬਸੂਰਤੀ ਨੂੰ ਢਾਹ ਲਗਾ ਰਹੇ ਹਨ, ਉੱਥੇ ਹੀ ਇਸ ਦੀ ਰੋਕਥਾਮ ਲਈ ਉਪਾਅ ਨਾ ਕਰਨ ਕਰਕੇ ਸੰਬੰਧਿਤ ਵਿਭਾਗਾਂ ਦੀ ਕਿਰਕਿਰੀ ਦਾ ਕਾਰਨ ਵੀ ਬਣੇ ਹੋਏ ਹਨ |
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੁਆਰਾ 'ਰੰਗਲਾ ਪੰਜਾਬ' ਅਭਿਆਨ ਅਤੇ 'ਜੀ-20' ਸੰਮੇਲਨ ਦੌਰਾਨ ਅੰਮਿ੍ਤਸਰ ਦੀਆਂ ਕੰਧਾਂ, ਚੌਕਾਂ ਅਤੇ ਫਲਾਈਓਵਰ ਦੇ ਹੇਠਾਂ ਮਜ਼ਬੂਤ ਚੌੜੇ ਪਿੱਲਰਾਂ (ਖੰਭਿਆਂ) 'ਤੇ ਵਿਰਾਸਤ ਨਾਲ ਸੰਬੰਧਿਤ ਸੁਨੇਹੇ ਦਿੰਦੀਆਂ ਕਈ ਦਿਲਖਿੱਚ ਕਲਾਕਿ੍ਤੀਆਂ ਬਣਾਈਆਂ ਗਈਆਂ | ਇਹ ਸਭ ਰਾਹਗੀਰਾਂ ਅਤੇ ਦੇਸ਼-ਵਿਦੇਸ਼ ਤੋਂ ਅੰਮਿ੍ਤਸਰ ਪਹੁੰਚਣ ਵਾਲੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ | ਜਦਕਿ ਹੁਣ ਰੱਖ-ਰਖਾਅ ਦੀ ਘਾਟ ਅਤੇ ਇਨ੍ਹਾਂ 'ਤੇ ਲਗਾਏ ਗਏ ਪੋਸਟਰਾਂ ਅਤੇ ਫਲੈਕਸਾਂ ਕਾਰਨ ਇਹ ਇਹ ਕੰਧਾਂ ਅਤੇ ਪਿੱਲਰ ਬਦਸੂਰਤ ਬਣ ਚੁੱਕੇ ਹਨ |
ਸਥਾਨਕ ਰਾਣੀ ਕਾ ਬਾਗ ਇਲਾਕੇ 'ਚ ਰਹਿੰਦੇ ਸਮਾਜਿਕ ਕਾਰਕੁਨ ਨਰੇਸ਼ ਜੋਹਰ ਦੇ ਅਨੁਸਾਰ ਜਨਤਕ ਸਥਾਨਾਂ 'ਤੇ ਇਸ਼ਤਿਹਾਰਬਾਜ਼ੀ ਕਰਨ ਲਈ ਪੋਸਟਰ ਵਗ਼ੈਰਾ ਲਗਾਉਣ ਜਾਂ ਕੁਝ ਲਿਖਣ ਤੋਂ ਰੋਕਣ ਲਈ ਸੂਬਾ ਸਰਕਾਰ ਨੇ ਪ੍ਰੀਵੈਂਸ਼ਨ ਆਫ਼ ਡਿਫੇਸਮੈਂਟ ਆਫ਼ ਪ੍ਰੋਪਰਟੀ ਐਕਟ-1997 (ਜਾਇਦਾਦ ਦੀ ਵਿਗਾੜ ਰੋਕਥਾਮ ਐਕਟ) ਲਾਗੂ ਕੀਤਾ ਹੋਇਆ ਹੈ | ਜਿਸ ਦੇ ਤਹਿਤ ਦੋਸ਼ੀ ਵਿਅਕਤੀ ਨੂੰ ਜੁਰਮਾਨਾ ਜਾਂ ਕੈਦ ਅਤੇ ਜਾਂ ਫਿਰ ਦੋਵੇਂ ਲਗਾਉਣ ਦਾ ਪ੍ਰਬੰਧ ਹੈ | ਉਨ੍ਹਾਂ ਨੇ ਕਿਹਾ ਕਿ ਤਤਕਾਲੀ ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂ ਦੇ ਸਮੇਂ 23 ਕਾਰੋਬਾਰੀਆਂ ਨੂੰ ਇਸ ਐਕਟ ਦੀ ਉਲੰਘਣਾ ਕਰਨ ਦੇ ਦੋਸ਼ 'ਚ ਨੋਟਿਸ ਭੇਜੇ ਗਏ ਸਨ ਅਤੇ ਜ਼ੁਰਮਾਨਾ ਵੀ ਲਗਾਇਆ ਗਿਆ ਸੀ | ਹਾਲਾਂਕਿ, ਉਨ੍ਹਾਂ ਦੇ ਬਾਅਦ ਕਦੇ ਵੀ ਪ੍ਰਸ਼ਾਸਨ ਵਲੋਂ ਇਸ ਬਾਰੇ 'ਚ ਕੋਈ ਸਖ਼ਤ ਕਦਮ ਨਹੀਂ ਚੁੱਕਿਆ ਗਿਆ ਅਤੇ ਨਾ ਹੀ ਇਸ ਦੀ ਰੋਕਥਾਮ ਬਾਰੇ ਕੋਈ ਉਪਾਏ ਹੀ ਕੀਤੇ ਗਏ | ਜੋਹਰ ਨੇ ਕਿਹਾ ਕਿ ਸਿਫਤੀ ਦੇ ਘਰ ਮੰਨੇ ਜਾਣ ਵਾਲੇ ਅੰਮਿ੍ਤਸਰ ਸ਼ਹਿਰ ਦੇ ਆਮ ਲੋਕਾਂ ਅਤੇ ਕਾਰੋਬਾਰੀਆਂ ਦੀ ਪ੍ਰਸ਼ਾਸਨ ਤੋਂ ਅਪੀਲ ਹੈ ਕਿ ਸ਼ਹਿਰ ਦੀ ਖ਼ੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਕੰਧਾਂ ਅਤੇ ਪਿੱਲਰਾਂ 'ਤੇ ਪੋਸਟਰ ਲਗਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ | ਇਸ ਤੋਂ ਇਲਾਵਾ ਇਸ਼ਤਿਹਾਰਬਾਜ਼ੀ ਕਰਨ ਵਾਲਿਆਂ ਕੋਲੋਂ ਜ਼ੁਰਮਾਨਾ ਵੀ ਵਸੂਲਿਆ ਜਾਵੇ |
ਦੱਸਣਯੋਗ ਹੈ ਕਿ ਰਾਜਨੀਤਿਕ ਪਾਰਟੀਆਂ ਅਤੇ ਕਾਰੋਬਾਰੀ ਅਦਾਰਿਆਂ ਵਲੋਂ ਆਪਣੀ ਮਸ਼ਹੂਰੀ ਕਰਨ ਲਈ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਵਜੋਂ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਭਾਈ ਵੀਰ ਸਿੰਘ ਦੇ ਨਾਂਅ 'ਤੇ ਸਥਾਪਿਤ ਸਥਾਨਕ ਲਾਰੰਸ ਰੋਡ ਸਥਿਤ ਭਾਈ ਵੀਰ ਸਿੰਘ ਮਾਰਗ, ਮਹਾਤਮਾ ਗਾਂਧੀ ਦੇ ਨਾਂ 'ਤੇ ਰੱਖੇ ਗਾਂਧੀ ਦਰਵਾਜ਼ਾ (ਹਾਲ ਗੇਟ), ਰਾਮ ਬਾਗ ਚੌਕ, (ਰਾਮ ਬਾਗ) ਕੰਪਨੀ ਬਾਗ ਆਦਿ ਨੂੰ ਵੀ ਨਹੀਂ ਬਖ਼ਸ਼ਿਆ ਗਿਆ ਹੈ | ਸ਼ਹਿਰ ਦੇ ਗਾਂਧੀ ਦਰਵਾਜ਼ੇ (ਹਾਲ ਗੇਟ) ਦੇ ਬਾਹਰ ਲਗਾਏ ਗਏ ਪੋਸਟਰਾਂ ਦੇ ਹੇਠਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਇਆ ਉਹ ਚਿਤਾਵਨੀ ਬੋਰਡ ਵੀ ਪੂਰੀ ਤਰ੍ਹਾਂ ਨਾਲ ਲੁਪਤ ਹੋ ਚੁੱਕਿਆ ਹੈ, ਜਿਸ 'ਤੇ ਸਾਫ਼ ਤੌਰ 'ਤੇ ਇਹ ਆਦੇਸ਼ ਲਿਖਿਆ ਗਿਆ ਹੈ ਕਿ ਇਸ ਵਿਰਾਸਤੀ ਧਰੋਹਰ ਦੀਆਂ ਕੰਧਾਂ ਜਾਂ ਇਸ ਦੇ ਬਾਹਰ ਪੋਸਟਰ ਜਾਂ ਇਸ਼ਤਿਹਾਰ ਲਗਾਉਣ ਵਾਲੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਜ਼ੁਰਮਾਨਾ ਲਗਾਇਆ ਜਾਵੇਗਾ | ਉਕਤ ਦੇ ਇਲਾਵਾ ਸ਼ਹਿਰ ਦੀ ਜੀ. ਟੀ. ਰੋਡ 'ਤੇ ਪੁਲਿਸ ਥਾਣਾ ਸਦਰ ਦੇ ਸਾਹਮਣੇ ਸੰਨ 1852 ਵਿਚ ਕਿਲ੍ਹਾ ਗੋਬਿੰਦਗੜ੍ਹ ਨੂੰ ਜਾਂਦੇ ਰਸਤੇ 'ਤੇ ਬਣਾਈਆਂ ਇਤਿਹਾਸਕ ਬੁਰਜੀਆਂ ਨੂੰ ਵੀ ਲੰਬੇ ਸਮੇਂ ਤੋਂ ਫ਼ਿਲਮਾਂ, ਰਾਜਨੀਤਿਕ ਪਾਰਟੀਆਂ ਅਤੇ ਨੀਮ-ਹਕੀਮਾਂ ਦੀ ਮਸ਼ਹੂਰੀ ਵਾਲੇ ਪੋਸਟਰ ਲਗਾਉਣ ਲਈ ਵਰਤੋਂ 'ਚ ਲਿਆਂਦਾ ਜਾ ਰਿਹਾ ਹੈ |
ਪਿਛਲੀ ਖ਼ਬਰ ਪਾਣੀ ਸੀਵਰੇਜ ਦੇ ਕੁਨੈਕਸ਼ਨਾਂ ਨੂੰ ਰੈਗੂਲਰ ਕਰਨ ਲਈ ਲਗਾਏ ਜਾਣ ਵਾਲੇ ਕੈਂਪਾਂ 'ਚ ਲਗਾਈਆਂ ਡਿਊਟੀਆਂ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਹਾਲੇ ਵੀ ਜਾਰੀ ਹੈ- ਸ਼ਸ਼ੀ ਪ੍ਰਭਾ ਦਿਵੇਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।