ਅੰਮਿ੍ਤਸਰ, 18 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਅਤੇ ਭਾਰਤ ਵਿਕਾਸ ਪ੍ਰੀਸ਼ਦ (ਪੰਜਾਬ ਉੱਤਰ) ਦੇ ਸਾਂਝੇ ਉੱਦਮ ਨਾਲ 'ਕੁਟੰਬ ਪ੍ਰਬੋਧਨ' ਵਿਸ਼ੇ 'ਤੇ ਵਿਚਾਰ-ਗੋਸ਼ਟੀ ਕਰਵਾਈ ਗਈ, ਇਸ ਪ੍ਰੋਗਰਾਮ ਦੀ ਅਗਵਾਈ ਵਿਨੋਦ ਸ਼ਰਮਾ, ਸੂਬਾ ਪ੍ਰਧਾਨ ਅਤੇ ਰਵਿੰਦਰ ਪਠਾਨੀਆ, ਸੂਬਾ ਮਹਾਂ-ਸਕੱਤਰ ਨੇ ਕੀਤੀ | ਮੁੱਖ ਮਹਿਮਾਨ ਵਜੋਂ ਪ੍ਰੋ. ਸੁਨੀਲ ਕੁਮਾਰ, ਮੁਖੀ ਹਿੰਦੀ ਵਿਭਾਗ ਅਤੇ ਡੀਨ, ਭਾਸ਼ਾਵਾਂ ਨੇ ਸ਼ਿਰਕਤ ਕੀਤੀ | ਸਮਾਗਮ 'ਚ ਸੁਸ਼ੀਲ ਸ਼ਰਮਾ, ਖੇਤਰੀ ਪ੍ਰਧਾਨ, ਐੱਸ. ਕੇ. ਪੁੰਜ, ਐੱਸ. ਐੱਸ. ਗਿੱਲ, ਸੁਮਨ ਮਹਾਜਨ ਅਤੇ ਮੋਹਿਤ ਅਗਰਵਾਲ ਵਰਗੇ ਪਤਵੰਤੇ ਅਹੁਦੇਦਾਰ ਵੀ ਹਾਜ਼ਰ ਸਨ | ਪੰਜ ਸੈਸ਼ਨਾਂ 'ਚ ਆਯੋਜਿਤ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ | ਰਵਿੰਦਰ ਪਠਾਨੀਆ ਨੇ ਇਸ ਮੌਕੇ ਹਾਜ਼ਰ ਮਹਿਮਾਨਾਂ ਅਤੇ ਸਰੋਤਿਆਂ ਦਾ ਸਵਾਗਤ ਕੀਤਾ ਅਤੇ ਹਿੰਦੀ ਵਿਭਾਗ ਦੀ ਖੋਜ ਵਿਦਿਆਰਥਣ ਸੁਸ਼ਰੀ ਸ਼ਸ਼ੀ ਮਾਥੁਰ ਨੇ ਭਗਤੀ ਗੀਤ ਪੇਸ਼ ਕੀਤਾ | ਵਿਨੋਦ ਸ਼ਰਮਾ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਟੀਚਾ ਭਾਰਤ ਨੂੰ ਮੁੜ ਸਿਹਤਮੰਦ, ਸੰਪੰਨ ਅਤੇ ਸੱਭਿਆਚਾਰਕ ਤੌਰ 'ਤੇ ਅਮੀਰ ਬਣਾਉਣ ਦੇ ਉਪਰਾਲੇ ਕਰਨਾ ਹੈ | ਸੁਸ਼ੀਲ ਸ਼ਰਮਾ ਨੇ ਸੇਵਾ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸੇਵਾ ਸਿਰਫ਼ ਦਾਨ ਨਹੀਂ, ਸਗੋਂ ਇਕ ਅਜਿਹੀ ਭਾਵਨਾ ਹੈ ਜੋ ਸਵਾਰਥ ਤੋਂ ਪਰ੍ਹੇ ਹੁੰਦੀ ਹੈ | ਮੋਹਿਤ ਅਗਰਵਾਲ, ਸੰਗਠਨ ਸਕੱਤਰ ਨੇ ਭਾਰਤ ਵਿਕਾਸ ਪ੍ਰੀਸ਼ਦ ਦੀਆਂ ਸਾਲ ਭਰ ਦੀਆਂ ਸਰਗਰਮੀਆਂ ਅਤੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ | ਕੁਲਭੂਸ਼ਣ ਖਜੂਰੀਆ, ਆਰਤੀ ਗੁਪਤਾ, ਸ਼ਾਲਿਕਾ ਅਗਰਵਾਲ, ਸ਼ਿਵ ਰਾਜਨ ਪੁਰੀ ਤੇ ਸੁਮਿਤ ਪੁਰੀ ਨੇ ਸੇਵਾ, ਸੰਸਕਾਰ, ਸੰਪਰਕ, ਔਰਤਾਂ ਦੀ ਸਹਿਭਾਗਤਾ ਅਤੇ ਵਾਤਾਵਰਨ ਵਰਗੇ ਵੱਖ-ਵੱਖ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਐੱਸ. ਕੇ. ਪੁੰਜ ਤੇ ਐੱਸ. ਐੱਸ. ਗਿੱਲ ਨੇ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ | ਪ੍ਰੋ. ਸੁਨੀਲ ਕੁਮਾਰ ਨੇ ਕਿਹਾ ਕਿ ਆਦਰਸ਼ ਪਰਿਵਾਰ ਦੀ ਸਥਾਪਨਾ ਨਾਲ ਹੀ ਆਦਰਸ਼ ਸਮਾਜ ਅਤੇ ਸੰਪੰਨ ਭਾਰਤ ਦੀ ਸੰਕਲਪਨਾ ਸਾਕਾਰ ਹੋ ਸਕਦੀ ਹੈ |