11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਡੀ. ਸੀ. ਵਲੋਂ ਸਿੱਖਿਆ ਕਮੇਟੀ ਨਾਲ ਮੀਟਿੰਗ ਸਰਕਾਰੀ ਸਕੂਲਾਂ ਦੇ 61 ਬੱਚਿਆਂ ਨੇ ਪਾਸ ਕੀਤੀ ਨੀਟ ਦੀ ਪ੍ਰੀਖਿਆ

ਅਜੀਤ ਡੈਸਕ 20-06-2025
ਅੰਮਿ੍ਤਸਰ, 19 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਹਾਲ ਹੀ ਵਿਚ ਐਲਾਨੇ ਗਏ ਨੀਟ ਦੇ ਨਤੀਜੇ 'ਚ ਅੰਮਿ੍ਤਸਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਪਾਸ ਹੋਏ 61 ਬੱਚਿਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਵਿਭਾਗ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਸ਼ਾਬਾਸ਼ੀ ਦਿੱਤੀ | ਉਨ੍ਹਾਂ ਦੱਸਿਆ ਕਿ ਇਸ ਸਾਲ ਨੀਟ ਤੋਂ ਇਲਾਵਾ ਜੇ. ਈ. ਈ. ਦੀ ਪ੍ਰੀਖਿਆ ਵੀ ਸਰਕਾਰੀ ਸਕੂਲਾਂ ਦੇ 11 ਬੱਚਿਆਂ ਨੇ ਪਾਸ ਕੀਤੀ ਹੈ | ਉਨ੍ਹਾਂ ਹਦਾਇਤ ਕੀਤੀ ਕਿ ਉਹ ਪੜ੍ਹਾਈ 'ਚ ਕਮਜ਼ੋਰ ਬੱਚਿਆਂ ਦੀਆਂ ਵਾਧੂ ਕਲਾਸਾਂ ਲਗਾਉਣ ਅਤੇ ਗਰਮੀਆਂ ਦੀਆਂ ਇਨ੍ਹਾਂ ਛੁੱਟੀਆਂ 'ਚ ਸਕੂਲਾਂ ਦੀਆਂ ਪਾਣੀ ਵਾਲੀਆਂ ਟੈਂਕੀਆਂ ਸਾਫ਼ ਕਰਨ ਅਤੇ ਛੁੱਟੀਆਂ ਤੋਂ ਤੁਰੰਤ ਬਾਅਦ ਸਕੂਲਾਂ 'ਚੋਂ ਪਾਣੀ ਦੇ ਨਮੂਨੇ ਲੈ ਕੇ ਯਕੀਨੀ ਬਣਾਇਆ ਜਾਵੇ ਕਿ ਬੱਚਿਆਂ ਨੂੰ ਸਾਫ਼ ਪਾਣੀ ਮਿਲ ਰਿਹਾ ਹੈ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਕੂਲਾਂ 'ਚ ਵਧੀਆ ਕਾਰਗੁਜ਼ਾਰੀ ਲਈ ਸਕੂਲ ਪਿ੍ੰਸੀਪਲਾਂ, ਮੁੱਖ ਅਧਿਆਪਕਾਂ ਅਤੇ ਅਧਿਆਪਕਾਂ ਦੇ ਨਾਲ ਨਾਲ ਮਿਡ-ਡੇਅ-ਮੀਲ ਕਰਮਚਾਰੀਆ ਨੂੰ ਵੀ ਸਨਮਾਨਿਤ ਕੀਤਾ | ਉਨ੍ਹਾਂ ਦੱਸਿਆ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਸਰਕਾਰੀ ਸਕੂਲਾਂ ਦੇ 24 ਬੱਚਿਆਂ ਨੇ ਵੱਖ-ਵੱਖ ਖੇਡਾਂ 'ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਜ਼ਿਲ੍ਹੇ ਦੀ ਨੁਮਾਇੰਦਗੀ ਕੀਤੀ ਹੈ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਸਕੂਲ ਦੇ ਬੱਚੇ ਵਿਕਾਸ ਕੁਮਾਰ ਨੇ ਇੱਟਾਂ ਚੁੱਕਣ ਲਈ ਜੋ ਡਵਾਈਸ ਬਣਾਈ ਹੈ ਉਸ ਦੀ ਪੇਟੈਂਟ ਦਾ ਅਧਿਕਾਰ ਵੀ ਉਨ੍ਹਾਂ ਨੂੰ ਮਿਲਿਆ ਹੈ ਅਤੇ ਸਰਕਾਰ ਨੇ ਇਸ ਲਈ 30 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਵੀ ਉਨ੍ਹਾਂ ਨੂੰ ਦਿੱਤੀ ਹੈ | ਇਸ ਮੌਕੇ ਕੇਂਦਰੀ ਜੇਲ੍ਹ ਗੁਮਟਾਲਾ ਜੋ ਕਿ ਹੁਣ ਸ੍ਰੀ ਗੁਰੂ ਰਾਮਦਾਸ ਅਰਬਨ ਸਟੇਟ ਬਣ ਚੁੱਕੀ ਹੈ, 'ਚ ਸਥਿਤ ਸਰਕਾਰੀ ਸਕੂਲ ਦੀ ਹੋਂਦ ਬਚਾਉਣ ਲਈ ਸੰਘਰਸ਼ ਕਰਨ ਵਾਲੇ ਅਧਿਆਪਕ ਸੁਖਜਿੰਦਰ ਸਿੰਘ ਹੇਰ (ਸੇਵਾ ਮੁਕਤ) ਨੂੰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜੋਤੀ ਬਾਲਾ, ਜ਼ਿਲ੍ਹਾ ਸਿੱਖਿਆ ਅਧਿਕਾਰੀ ਕੰਵਲਜੀਤ ਸਿੰਘ, ਡਿਪਟੀ ਡੀ. ਈ. ਓ. ਰਾਜੇਸ਼ ਕੁਮਾਰ, ਲੋਕ ਸੰਪਰਕ ਅਧਿਕਾਰੀ ਸ਼ੇਰਜੰਗ ਸਿੰਘ ਹੁੰਦਲ ਤੇ ਹੋਰ ਅਧਿਕਾਰੀ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹਿਜ਼ਾਦਾ ਨੰਦ ਕਾਲਜ 'ਗ੍ਰੀਨ ਕੈਂਪਸ' ਐਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਸਰਕਾਰੀ ਗੱਡੀਆਂ 'ਚੋਂ ਡੀਜ਼ਲ ਚੋਰੀ ਕਰ ਕੇ ਵੇਚਣ ਵਾਲੇ ਦੋ ਡਰਾਈਵਰ ਮੁਅੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।