ਅੰਮਿ੍ਤਸਰ, 19 ਜੂਨ (ਗਗਨਦੀਪ ਸ਼ਰਮਾ)-ਨੈਸ਼ਨਲ ਐਜੂਟਰਸਟ ਆਫ਼ ਇੰਡੀਆ (ਐੱਨ. ਆਈ. ਈ.) ਵਲੋਂ ਸ਼ਹਿਜ਼ਾਦਾ ਨੰਦ ਕਾਲਜ, ਗ੍ਰੀਨ ਐਵੀਨਿਊ ਨੂੰ 'ਗ੍ਰੀਨ ਕੈਂਪਸ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਪਿ੍ੰਸੀਪਲ ਡਾ. ਰੀਨਾ ਤਲਵਾੜ ਨੇ ਦੱਸਿਆ ਕਿ ਇਹ ਪੁਰਸਕਾਰ ਕਾਲਜ ਦੇ ਹਰੇ-ਭਰੇ ਅਤੇ ਸਾਫ਼-ਸੁਥਰੇ ਕੈਂਪਸ, ਵਾਤਾਵਰਨ ਪ੍ਰਤੀ ਜ਼ਿੰਮੇਵਾਰ ਰਵੱਈਏ ਅਤੇ ਵਧੀਆ ਹਰਿਆਵਲੀ ਮੁਹਿੰਮਾਂ ਦੀ ਪਛਾਣ ਹੈ | ਉਨ੍ਹਾਂ ਦੱਸਿਆ ਕਿ ਕਾਲਜ ਵਲੋਂ ਪਿਛਲੇ ਕੁਝ ਸਾਲਾਂ ਤੋਂ ਵਾਤਾਵਰਨ ਦੀ ਸੰਭਾਲ ਲਈ ਕਈ ਕਦਮ ਚੁੱਕੇ ਗਏ ਹਨ, ਜਿਨ੍ਹਾਂ ਵਿਚ ਰੁੱਖ ਲਗਾਉਣ ਦੀਆਂ ਮੁਹਿੰਮਾਂ, ਈਕੋ-ਫਰੈਂਡਲੀ ਵਿਅਰਥ ਪ੍ਰਬੰਧਨ, ਊਰਜਾ ਬਚਤ ਯੋਜਨਾਵਾਂ, ਐੱਨ. ਐੱਸ. ਐੱਸ. ਅਤੇ ਈਕੋ ਕਲੱਬ ਵਲੋਂ ਸਾਰਥਕ ਯੋਗਦਾਨ ਸ਼ਾਮਿਲ ਹਨ | ਇਸ ਤੋਂ ਇਲਾਵਾ ਪਲਾਸਟਿਕ ਮੁਕਤ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਵੱਲ ਵਧਣ ਲਈ ਵੀ ਗੰਭੀਰ ਕਦਮ ਚੁੱਕੇ ਹਨ | ਉਨ੍ਹਾਂ ਕਿਹਾ ਕਿ ਅਸੀਂ ਭਵਿੱਖ ਵਿਚ ਵੀ ਵਾਤਾਵਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਾਂਗੇ | ਇਸ ਮੌਕੇ ਡਾ. ਬਲਜੀਤ ਰੰਧਾਵਾ, ਨਵਨੀਤ ਕੌਰ ਦਿਓਲ, ਮਨਿੰਦਰ ਕੌਰ ਅਤੇ ਡਾ. ਸ਼ੀਤਲ ਮਿੱਤਲ ਆਦਿ ਹਾਜ਼ਰ ਸਨ |