ਅੰਮਿ੍ਤਸਰ, 19 ਜੂਨ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ, ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਦੀਵਾਨ ਦੇ ਮੈਂਬਰ ਡਾ. ਸੁਖਵਿੰਦਰ ਸਿੰਘ ਵਾਲੀਆ ਦੇ ਅਕਾਲ ਚਲਾਣਾ ਕਰ ਜਾਣ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ | ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸ਼ੋਕ ਪ੍ਰਗਟ ਕਰਦਿਆਂ ਕਿਹਾ ਕਿ ਸੀ. ਕੇ. ਡੀ. ਇੰਟਰਨੈਸ਼ਨਲ ਨਰਸਿੰਗ ਕਾਲਜ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਅ ਰਹੇ ਡਾ. ਵਾਲੀਆ ਲੰਬੇ ਅਰਸੇ ਤੋਂ ਦੀਵਾਨ ਨਾਲ ਜੁੜੇ ਸਨ ਅਤੇ ਉਹ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਅਤੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਸਾਬਕਾ ਡਾਇਰੈਕਟਰ-ਪਿ੍ੰਸੀਪਲ ਵੀ ਰਹੇ ਹਨ | ਉਨ੍ਹਾਂ ਕਿਹਾ ਕਿ ਨਿੱਘੇ ਸੁਭਾਅ ਦੇ ਮਾਲਕ ਅਤੇ ਗੁਰੂ ਘਰ ਨਾਲ ਜੁੜੇ ਡਾ. ਵਾਲੀਆ ਵਲੋਂ ਨਰਸਿੰਗ ਕਾਲਜ ਦੇ ਵਿਕਾਸ ਅਤੇ ਦੀਵਾਨ ਪ੍ਰਤੀ ਨਿਭਾਈਆਂ ਗਈਆਂ ਵਡਮੁੱਲੀਆਂ ਅਤੇ ਨਿਸ਼ਕਾਮ ਸੇਵਾਵਾਂ ਲਈ ਉਹ ਹਮੇਸ਼ਾ ਯਾਦ ਰੱਖੇ ਜਾਣਗੇ | ਇਸੇ ਦੌਰਾਨ ਦੀਵਾਨ ਅਹੁਦੇਦਾਰਾਂ ਅਤੇ ਸੀ. ਕੇ. ਡੀ. ਨਰਸਿੰਗ ਕਾਲਜ ਦੇ ਪ੍ਰਬੰਧਕਾਂ ਅਤੇ ਸਟਾਫ ਵਲੋਂ ਵੀ ਡਾ. ਵਾਲੀਆ ਦੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ |