ਅੰਮਿ੍ਤਸਰ, 19 ਜੂਨ (ਹਰਮਿੰਦਰ ਸਿੰਘ)-ਨਗਰ ਨਿਗਮ ਵਲੋਂ ਸ਼ਹਿਰ 'ਚ ਕਰੋੜਾਂ ਦੇ ਵਿਕਾਸ ਕੰਮ ਕਰਵਾਉਣ ਲਈ ਦਾਅਵੇ ਕੀਤੇ ਜਾ ਰਹੇ ਹਨ, ਪਰ ਬੇਨਤੀ ਪੱਤਰ ਦੇਣ ਦੇ ਬਾਵਜੂਦ ਦੋ ਸਾਲ ਬਾਅਦ ਵੀ ਦੇਸ਼ ਭਗਤ ਰਾਮ ਸਿੰਘ ਘਾਲਾ ਮਾਲਾ ਦੀ ਯਾਦ 'ਚ ਬਣੇ ਚੌਂਕ 'ਚ ਸਾਈਨ ਬੋਰਡ ਨਹੀਂ ਲੱਗੇ | ਇਹ ਜਾਣਕਾਰੀ ਦਿੰਦਿਆਂ ਕਰਮਜੀਤ ਸਿੰਘ ਕੇ. ਪੀ. ਪ੍ਰਧਾਨ ਦੇਸ਼ ਭਗਤ ਰਾਮ ਸਿੰਘ ਘਾਲਾ ਮਾਲਾ ਯਾਦਗਾਰ ਕਮੇਟੀ ਤੇ ਜਨਰਲ ਸਕੱਤਰ ਪੰਜਾਬ ਫਰੀਡਮ ਫਾਈਟਰ ਉਤਰਾਧਿਕਾਰੀ ਸੰਗਠਨ ਨੇ ਕਿਹਾ 25 ਅਗਸਤ 2023 ਨੂੰ ਯਾਦਗਾਰ ਕਮੇਟੀ ਵਲੋਂ ਲਿਖਤੀ ਪੱਤਰ ਦੇ ਕੇ ਸਾਈਨ ਬੋਰਡ ਲਗਾਉਣ ਲਈ ਮੰਗ ਕੀਤੀ ਗਈ, ਫਿਰ 25 ਜੁਲਾਈ 2024 ਨੂੰ ਸਾਈਨ ਬੋਰਡ ਲਗਾਉਣ ਲਈ ਕਮਿਸ਼ਨਰ ਦਫ਼ਤਰ ਵਿਖੇ ਪੱਤਰ ਸੌਂਪ ਕੇ ਯਾਦ ਕਰਵਾਇਆ ਗਿਆ, ਪਰ ਅੱਜ ਤੱਕ ਕੋਈ ਕਾਰਵਾਈ ਅਮਲ 'ਚ ਨਹੀਂ ਆਈ | ਦੇਸ਼ ਭਗਤ ਰਾਮ ਸਿੰਘ ਘਾਲਾ ਮਾਲਾ ਨੇ ਦੇਸ਼ ਦੀ ਅਜ਼ਾਦੀ ਲਈ ਸਾਢੇ ਅੱਠ ਸਾਲ ਕੈਦ ਕੱਟੀ ਸੀ | ਉਨ੍ਹਾਂ ਦੀ ਮਜੀਠਾ ਰੋਡ ਵਿਖੇ ਦੇਸ਼ ਭਗਤ ਰਾਮ ਸਿੰਘ ਘਾਲਾ ਮਾਲਾ ਦੀ ਬਣੀ ਯਾਦਗਾਰ ਦਾ ਹਾਲ ਬਦ ਤੋਂ ਬਦਤਰ ਹੋਇਆ ਪਿਆ ਹੈ | ਸਾਫ਼ ਸਫ਼ਾਈ ਨਾ ਹੋਣ ਕਾਰਨ ਲੋਕਾਂ ਅਤੇ ਦੁਕਾਨਦਾਰਾਂ ਨੂੰ ਪ੍ਰੇਸ਼ਾਨੀ ਦਾ ਸਾਮਹਣਾ ਕਰਨਾ ਪੈ ਰਿਹਾ ਹੈ | ਯਾਦਗਾਰ ਕਮੇਟੀ ਵਲੋਂ ਨਗਰ ਨਿਗਮ ਕਮਿਸ਼ਨਰ ਅਪੀਲ ਕੀਤੀ ਕਿ ਉਕਤ ਯਾਦਗਾਰ ਵਾਲੇ ਸਥਾਨ ਨੂੰ ਸਾਫ਼ ਸੁਥਰਾ ਰਖਵਾਇਆ ਜਾਵੇ ਤੇ ਜਲਦੀ ਹੀ ਦੇਸ਼ ਭਗਤ ਰਾਮ ਸਿੰਘ ਘਾਲਾ ਮਾਲਾ ਚੌਂਕ ਦੇ ਸਾਈਨ ਬੋਰਡ ਲਗਵਾਏ ਜਾਣ |