11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

'ਸੌਸ' ਦੇ ਨਾਂਅ 'ਤੇ ਪਰੋਸਿਆ ਜਾ ਰਿਹਾ ਹੈ ਲੋਕਾਂ ਨੂੰ ਜ਼ਹਿਰ

ਅਜੀਤ ਡੈਸਕ 20-06-2025
ਅੰਮਿ੍ਤਸਰ, 19 ਜੂਨ (ਹਰਮਿੰਦਰ ਸਿੰਘ)-ਹਰ ਸ਼ਹਿਰ ਦੇ ਚੌਕਾਂ, ਮੁਹੱਲੇ ਤੇ ਗਲੀਆਂ 'ਚ ਆਮ ਹੀ ਰੇਹੜੀਆਂ 'ਤੇ ਬਰਗਰ, ਨਿਊਡਲਸ, ਮੋਮਅਜ਼, ਸਪਰਿੰਗ ਰੋਲ ਤੇ ਟਿੱਕੀਆਂ ਸਮੇਤ ਕਈ ਤਰ੍ਹਾਂ ਦੇ ਹੋਰ ਖਾਣ ਪੀਣ ਦੇ ਸਾਮਾਨ ਦੀਆਂ ਰੇਹੜੀਆਂ ਲੱਗੀਆਂ ਅਤੇ ਦੁਕਾਨਾਂ ਖੱੁਲ੍ਹੀਆਂ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਰੇਹੜੀਆਂ ਅਤੇ ਦੁਕਾਨਾਂ ਵਾਲਿਆਂ ਵਲੋਂ ਖਾਣ-ਪੀਣ ਦੇ ਸਾਮਾਨ ਨਾਲ ਹਲਕੇ ਮਿਆਰ ਦੀਆਂ ਸੌਸ (ਚਟਨੀਆਂ) ਦੇ ਨਾਂਅ 'ਤੇ ਜ਼ਹਿਰ ਪਰੋਸ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ | ਆਮ ਦਿਨਾਂ ਵਿਚ ਟਮਾਟਰ ਦੀ ਕੀਮਤ 30 ਤੋਂ 40 ਰੁਪਏ ਪ੍ਰਤੀ ਕਿਲੋ ਹੁੰਦੀ ਹੈ ਅਤੇ ਕਈ ਵਾਰ ਇਹ ਵੱਧ ਕੇ 100 ਰੁਪਏ ਕਿਲੋ ਤੱਕ ਪਹੁੰਚ ਜਾਂਦੀ ਹੈ | ਟਮਾਟਰ ਤੋਂ ਤਿਆਰ ਹੋਣ ਵਾਲੀ ਸੌਸ ਜੋ ਬਾਜ਼ਾਰ 'ਚ 90 ਰੁਪਏ ਦੀ ਪੰਜ ਕਿਲੋ ਮਿਲ ਰਹੀ ਹੈ | ਇਸੇ ਤਰ੍ਹਾਂ ਚਿੱਲੀ (ਹਰੀ ਮਿਰਚ) ਅਤੇ ਸੋਇਆ ਸੌਸ ਵੀ ਉਨ੍ਹਾਂ ਦੀ ਅਸਲ ਕੀਮਤ ਤੋਂ ਬਹੁਤ ਸਸਤੀ ਮਿਲਦੀ ਹੈ ਜੋ ਅਕਸਰ ਹੀ ਖਾਣ-ਪੀਣ ਦੇ ਸਾਮਾਨ ਖਾਸ ਕਰਕੇ ਬਰਗਰ, ਨਿਊਡਲਸ ਅਤੇ ਹੋਰ ਸਾਮਾਨ ਨੂੰ ਚਟਪਟਾ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ | ਵੱਡੀਆਂ ਕੰਪਨੀਆਂ ਵਲੋਂ ਤਿਆਰ ਕੀਤੀਆਂ ਗਈਆਂ ਇਹ ਚਟਨੀਆਂ 100 ਰੁਪਏ ਤੋਂ ਵਧੇਰੇ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵੇਚੀਆਂ ਜਾਂਦੀਆਂ ਹਨ | ਜਿਨ੍ਹਾਂ 'ਤੇ ਫੂਡ ਸੇਫਟੀ ਲਾਇਸੰਸ ਨੰਬਰ ਤੱਕ ਪਏ ਹਨ, ਪਰ ਕੈਨੀਆਂ ਵਿਚ ਭਰ ਕੇ ਸ਼ਰੇਆਮ ਜੋ ਚਟਨੀਆਂ ਵੇਚੀਆਂ ਜਾ ਰਹੀਆਂ ਹਨ ਉਸ ਕੰਪਨੀ ਦੀਆਂ ਚਟਨੀਆਂ ਨਾਲੋਂ ਘੱਟ ਤੋਂ ਘੱਟ 5-6 ਗੁਣਾ ਘੱਟ ਮੁਲ 'ਤੇ ਵਿਕ ਰਹੀਆਂ ਹਨ | ਇਨ੍ਹਾਂ ਚਟਨੀਆਂ ਨੂੰ ਬਣਾਉਣ ਲਈ ਸ਼ਹਿਰ ਵਿਚ ਇਸ ਵੇਲੇ ਕਈ ਫੈਕਟਰੀਆਂ ਚੱਲ ਰਹੀਆਂ ਹਨ, ਜਿਨ੍ਹਾਂ 'ਚੋਂ ਇਹ ਚਟਨੀਆਂ ਵੱਡੇ ਡਰੰਮਾਂ 'ਚ ਫੈਕਟਰੀਆਂ ਤੋਂ ਚਲਦੀਆਂ ਹਨ ਅਤੇ ਜੋ ਬਾਅਦ ਵਿਚ ਪੰਜ ਕਿਲੋ ਦੀਆਂ ਕੈਨੀਆਂ ਦੇ ਰੂਪ ਵਿਚ ਖਾਣ-ਪੀਣ ਦਾ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਤੱਕ ਪਹੁੰਚਦੀਆਂ ਹਨ ਅਤੇ ਇਥੋਂ ਛੋਟੀਆਂ-ਛੋਟੀਆਂ ਬੋਤਲਾਂ ਵਿਚ ਪਾ ਕੇ ਅਗੋਂ ਗਾਹਕਾਂ ਨੂੰ ਪਰੋਸੀਆਂ ਜਾਂਦੀਆਂ ਹਨ | ਸੂਤਰ ਦਸਦੇ ਹਨ ਇਨ੍ਹਾਂ ਚਟਨੀਆਂ ਨੂੰ ਕਈ ਤਰ੍ਹਾਂ ਦੀਆਂ ਗਲੀਆਂ ਸੜੀਆਂ ਸਬਜ਼ੀਆਂ, ਨੁਕਸਾਨਦੇਹ ਰਸਾਇਣ ਪਾ ਤਿਆਰ ਕੀਤਾ ਜਾਂਦਾ ਹੈ ਅਤੇ ਰੰਗ ਪਾ ਕੇ ਇਨ੍ਹਾਂ ਦੀ ਦਿੱਖ ਵਧੀਆ ਬਣਾਈ ਜਾਂਦੀ ਹੈ, ਜਿਸ ਨੂੰ ਦੇਖ ਕੇ ਖਾਣ ਵਾਲਿਆਂ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ ਬੜੇ ਹੀ ਚਟਕਾਰੇ ਲਗਾ ਕੇ ਇਨ੍ਹਾਂ ਚਟਨੀਆਂ ਨੂੰ ਖਾਧਾ ਜਾਂਦਾ ਹੈ | ਇਨ੍ਹਾਂ 'ਚੋਂ ਕਈ ਚਟਨੀਆਂ ਦੀਆਂ ਕੈਨੀਆਂ 'ਤੇ ਨਾ ਇਸ ਨੂੰ ਬਣਾਉਣ ਵਾਲੀ ਕੰਪਨੀ ਦਾ ਨਾਂਅ ਅਤੇ ਪਤਾ ਤੱਕ ਦਰਜ ਨਹੀਂ ਹੁੰਦਾ ਹੈ ਅਤੇ ਨਾ ਹੀ ਇਸ ਦੇ ਮਿਸ਼ਰਣ ਹੀ ਕੋਈ ਜਾਣਕਾਰੀ ਜਨਤਕ ਕੀਤੀ ਜਾਂਦੀ ਹੈ | ਇਥੋਂ ਤੱਕ ਇਸ ਨੂੰ ੂ ਬਣਾਉਣ ਅਤੇ ਖਰਾਬ ਹੋਣ ਦੀ ਮਿਆਦ ਦੀ ਤਰੀਖ਼ ਵੀ ਜਨਤਕ ਅਤੇ ਨਾ ਹੀ ਲਿਖੀ ਹੁੰਦੀ | ਇਸ ਤਰ੍ਹਾਂ ਨਿਊਡਲ ਅਤੇ ਸੋਇਆ ਚਾਂਪ ਵੀ ਖੁਲ੍ਹੇ ਵਿਚ ਤਿਆਰ ਕੀਤੀਆਂ ਜਾਂਦੀਆਂ ਹਨ | ਸੋਇਆ ਚਾਂਪ ਜਿਸ ਨੂੰ ਸੋਇਆਬੀਨ ਤੋਂ ਤਿਆਰ ਕੀਤੇ ਜਾਣ ਦਾ ਵਾਅਦਾ ਕੀਤਾ ਜਾਂਦਾ ਹੈ, ਪਰ ਇਹ ਮੈਦੇ ਨਾਲ ਤਿਆਰ ਕਰਕੇ ਚਿੱਟੇ ਦਿਨ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ | ਚਟਨੀਆਂ ਵਾਲਿਆਂ ਦੇ ਖਿਲਾਫ਼ ਕਈ ਵਾਰ ਸਿਹਤ ਵਿਭਾਗ ਵਲੋਂ ਛਾਪੇ ਤਾਂ ਮਾਰੇ ਜਾਂਦੇ ਹਨ ਅਤੇ ਉਨ੍ਹਾਂ ਦੇ ਨਮੂਨੇ ਭਰਨ ਦਾ ਦਾਅਵਾ ਕਰਦੇ ਮੀਡੀਆ ਦੀਆਂ ਸੁਰਖੀਆਂ ਬਟੋਰ ਲਈਆਂ ਜਾਂਦੀਆਂ ਹਨ, ਪਰ ਬਾਅਦ ਵਿਚ ਨਮੂਨਿਆਂ ਦੀ ਰਿਪੋਰਟ ਨੂੰ ਕਦੀ ਵੀ ਜਨਤਕ ਨਹੀਂ ਕੀਤਾ ਜਾਂਦੀ ਜੋ ਸਿਹਤ ਵਿਭਾਗ ਦੀ ਕਾਰਜਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ | ਸ਼ਹਿਰ ਵਿਚ ਸ਼ਰੇਆਮ ਲੋਕਾਂ ਨੂੰ ਚਟਨੀਆਂ ਦੇ ਨਾਂਅ 'ਤੇ ਜ਼ਹਿਰ ਪਰੋਸਿਆ ਜਾ ਰਿਹਾ ਹੈ, ਪਰ ਸਿਹਤ ਵਿਭਾਗ ਦੀਆਂ ਅੱਖਾਂ ਬੰਦ ਹਨ | ਇਸ ਸੰਬੰਧੀ ਸਹਾਇਕ ਜ਼ਿਲ੍ਹਾ ਫੂਡ ਸੇਫਟੀ ਕਮਿਸ਼ਨਰ ਰਾਜਿੰਦਰ ਪਾਲ ਨਾਲ ਗੱਲਬਾਤ ਕਰਨ ਤਾ ਯਤਨ ਕੀਤਾ ਤਾਂ ਉਨ੍ਹਾਂ ਫ਼ੋਨ ਚੁਕਣਾ ਮੁਨਾਸਿਬ ਨਹੀਂ ਸਮਝਿਆ |
ਪਿਛਲੀ ਖ਼ਬਰ ਪਨਬਸ ਮੁਲਾਜ਼ਮਾਂ ਵਲੋਂ ਸੂਬਾ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਅਗਲੀ ਖ਼ਬਰ 8 ਟਮਾਟਰ ਤੇ ਹਰੀਆਂ ਮਿਰਚਾਂ ਦੀ ਕੀਮਤ ਤੋਂ ਕਈ ਗੁਣਾ ਘੱਟ ਮੁੱਲ 'ਤੇ ਵਿਕਦੀ ਹੈ ਇਨ੍ਹਾਂ ਤੋਂ ਤਿਆਰ ਹੋਣ ਵਾਲੀਆਂ ਚਟਨੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।