ਅੰਮਿ੍ਤਸਰ, 19 ਜੂਨ (ਗਗਨਦੀਪ ਸ਼ਰਮਾ)-ਪੰਜਾਬ ਰੋਡਵੇਜ਼ ਅੰਮਿ੍ਤਸਰ-1 ਤੇ ਅੰਮਿ੍ਤਸਰ-2 ਡਿਪੂ ਦੇ ਪਨਬਸ ਮੁਲਾਜ਼ਮਾਂ ਵਲੋਂ ਰੋਡਵੇਜ਼ ਵਰਕਸ਼ਾਪ 'ਚ ਗੇਟ ਰੈਲੀ ਕਰਕੇ ਸੂਬਾ ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਪੰਜਾਬ ਰੋਡਵੇਜ਼/ਪਨਬਸ ਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਜੁਆਇੰਟ ਸਕੱਤਰ ਜੋਧ ਸਿੰਘ ਅਤੇ ਸੂਬਾ ਕੈਸ਼ੀਅਰ ਬਲਜੀਤ ਸਿੰਘ ਵਲੋਂ ਸਾਂਝੇ ਤੌਰ 'ਤੇ ਇਸ ਗੇਟ ਰੈਲੀ ਦੀ ਅਗਵਾਈ ਕੀਤੀ ਗਈ | ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ 'ਆਪ' ਸਰਕਾਰ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਤਿੰਨ ਸਾਲਾ ਤੋਂ ਨਜ਼ਰਅੰਦਾਜ਼ ਕਰ ਰਹੀ ਹੈ | ਉਨ੍ਹਾਂ ਇਹ ਦੋਸ਼ ਵੀ ਲਗਾਇਆ ਕਿ ਟਰਾਂਸਪੋਰਟ ਵਿਭਾਗ ਵਿਚ ਗ਼ੈਰ-ਕਾਨੂੰਨੀ ਠੇਕੇਦਾਰੀ ਸਿਸਟਮ ਤਹਿਤ ਭਰਤੀ ਕੀਤੀ ਜਾ ਰਹੀ ਹੈ, ਜੋ ਕਿ ਬਰਦਾਸ਼ਤ ਨਹੀਂ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਟਰਾਂਸਪੋਰਟ ਦੇ ਮੁਲਾਜ਼ਮਾਂ ਨੂੰ ਜਲਦ ਪੱਕਾ ਨਹੀਂ ਕੀਤਾ, ਠੇਕੇਦਾਰੀ ਸਿਸਟਮ ਨੂੰ ਬੰਦ ਨਹੀਂ ਕੀਤਾ, 'ਬਰਾਬਰ ਕੰਮ, ਬਰਾਬਰ ਤਨਖਾਹ' ਫੈਸਲਾ ਲਾਗੂ ਨਹੀਂ ਕੀਤਾ ਅਤੇ ਮੰਗ ਪੱਤਰ ਦੇ ਅਨੁਸਾਰ ਨਵੀਆਂ ਬੱਸਾਂ ਨਹੀਂ ਪਾਈਆਂ ਤਾਂ 30 ਜੂਨ ਨੂੰ ਡਾਇਰੈਕਟਰ ਸਟੇਟ ਟਰਾਂਸਪੋਰਟ ਮੁੱਖ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ | ਉਪਰੰਤ 9-10-11 ਜੁਲਾਈ ਨੂੰ ਸੂਬਾ ਪੱਧਰੀ ਹੜਤਾਲ ਕਰਕੇ ਪਨਬਸ ਤੇ ਪੀ. ਆਰ. ਟੀ. ਸੀ. ਬੱਸਾਂ ਦਾ ਪੂਰਨ ਤੌਰ 'ਤੇ ਚੱਕਾ ਜਾਮ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਮੂਹਰੇ ਪੱਕਾ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਅੰਮਿ੍ਤਸਰ-1 ਡਿਪੂ ਦਾ ਪ੍ਰਧਾਨ ਹੀਰਾ ਸਿੰਘ, ਅੰਮਿ੍ਤਸਰ-2 ਡਿਪੂ ਦਾ ਪ੍ਰਧਾਨ ਕੇਵਲ ਸਿੰਘ, ਜੁਗਰਾਜ ਸਿੰਘ ਸਮੇਤ ਵੱਡੀ ਗਿਣਤੀ 'ਚ ਪਨਬਸ ਮੁਲਾਜ਼ਮ ਹਾਜ਼ਰ ਸਨ |