28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਨਗਰ ਨਿਗਮ ਦੀ ਸਖ਼ਤੀ ਦੇ ਬਾਵਜੂਦ ਨਹੀਂ ਰੁਕ ਰਹੀ ਪਾਣੀ ਦੀ ਦੁਰਵਰਤੋਂ <br/>

ਅਜੀਤ ਡੈਸਕ 16-10-2025
ਅੰਮਿ੍ਤਸਰ, 15 ਅਕਤੂਬਰ (ਸੁਰਿੰਦਰ ਕੋਛੜ)-ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਅੰਮਿ੍ਤਸਰ ਨਗਰ ਨਿਗਮ ਵਲੋਂ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ | ਇਸ ਸਭ ਦੇ ਬਾਵਜੂਦ ਅੰਮਿ੍ਤਸਰ ਦੀਆਂ ਵੱਖ-ਵੱਖ ਆਬਾਦੀਆਂ ਅਤੇ ਮੁੱਖ ਸੜਕਾਂ 'ਤੇ ਜਨਤਕ ਤੌਰ 'ਤੇ ਪਾਣੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਵਲੋਂ ਸ਼ਹਿਰ 'ਚ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਕਈ ਟੀਮਾਂ ਵੀ ਬਣਾਈਆਂ ਜਾ ਰਹੀਆਂ ਹਨ | ਇਹ ਟੀਮਾਂ ਸ਼ਹਿਰ ਦੇ ਘਰਾਂ 'ਤੇ ਨਜ਼ਰ ਰੱਖਣਗੀਆਂ ਅਤੇ ਪਾਣੀ ਦੀ ਬਰਬਾਦੀ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਰਵਾਈ ਕਰਨਗੀਆਂ | ਵਿਭਾਗ ਵਲੋਂ ਜ਼ਿਲ੍ਹੇ 'ਚ ਸਰਵੇਖਣ ਕਰਕੇ ਅਜਿਹੇ ਘਰਾਂ, ਦੁਕਾਨਾਂ, ਸੰਸਥਾਵਾਂ ਅਤੇ ਹੋਰ ਥਾਵਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਿੱਥੇ ਪੀਣ ਵਾਲੇ ਪਾਣੀ ਦੀ ਜਾਂ ਤਾਂ ਦੁਰਵਰਤੋਂ ਹੋ ਰਹੀ ਹੈ ਜਾਂ ਪਾਣੀ ਦੀ ਬੇਲੋੜੀ ਬਰਬਾਦੀ ਹੋ ਰਹੀ ਹੈ | ਹਾਲਾਂਕਿ, ਨਗਰ ਨਿਗਮ ਨੂੰ ਇਸ ਮੁਹਿੰਮ 'ਚ ਕਿੰਨੀ ਸਫਲਤਾ ਮਿਲਦੀ ਹੈ, ਪਾਣੀ ਬਰਬਾਦ ਕਰਨ ਵਾਲੇ ਲੋਕਾਂ ਦੀ ਮਾਨਸਿਕਤਾ ਨੂੰ ਧਿਆਨ 'ਚ ਰੱਖਦਿਆਂ ਇਸ ਦੇ ਬਾਰੇ 'ਚ ਕੋਈ ਵੀ ਦਾਅਵਾ ਨਹੀਂ ਕੀਤਾ ਜਾ ਸਕਦਾ | ਸ਼ਹਿਰ ਦੇ ਸਮਾਜਿਕ ਚਿੰਤਕਾਂ ਅਤੇ ਦਵਾਈ ਕਾਰੋਬਾਰੀਆਂ ਸੰਜੀਵ ਭਾਟੀਆ, ਪ੍ਰਦੀਪ ਭਾਟੀਆ, ਸੰਜੀਵ ਜੈਨ, ਰਾਜਿੰਦਰਪਾਲ ਸਿੰਘ ਦੇ ਅਨੁਸਾਰ ਪਾਣੀ ਦੀ ਹਰ ਬੂੰਦ ਦੀ ਬਰਬਾਦੀ ਇਕ ਵੱਡੀ ਤ੍ਰਾਸਦੀ ਲਿਆਵੇਗੀ | ਜੇਕਰ ਕੋਈ ਵਿਅਕਤੀ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਕਰਦਾ ਹੈ ਜਾਂ ਬਰਬਾਦ ਕਰਦਾ ਹੈ, ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਉਨ੍ਹਾਂ ਨੇ ਨੀਤੀ ਆਯੋਗ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਲ 2030 ਤੱਕ 40 ਫ਼ੀਸਦੀ ਭਾਰਤੀਆਂ ਨੂੰ ਪੀਣ ਵਾਲਾ ਪਾਣੀ ਨਸੀਬ ਨਹੀਂ ਹੋਵੇਗਾ | ਉਕਤ ਸਮਾਜਿਕ ਚਿੰਤਕਾਂ ਮੁਤਾਬਿਕ ਨੀਤੀ ਆਯੋਗ ਨੇ ਆਪਣੀ ਰਿਪੋਰਟ 'ਚ ਇਹ ਵੀ ਅੰਦਾਜ਼ਾ ਲਗਾਇਆ ਹੈ ਕਿ ਭਾਰਤ ਦੇ 21 ਵੱਡੇ ਸ਼ਹਿਰਾਂ 'ਚ ਭੂਮੀਗਤ ਪਾਣੀ ਖ਼ਤਮ ਹੋਣ ਦੀ ਕਗਾਰ 'ਤੇ ਹੈ, ਜਿਸ ਨਾਲ ਲਗਭਗ 10 ਕਰੋੜ ਆਬਾਦੀ ਪ੍ਰਭਾਵਿਤ ਹੋਵੇਗੀ |
ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਵਲੋਂ ਜਾਰੀ ਕੀਤੇ ਗਏ ਆਦੇਸ਼ਾਂ ਮੁਤਾਬਿਕ ਘਰ ਦੇ ਲਾਅਨ ਨੂੰ ਪਾਣੀ ਦੇਣ, ਗਲੀਆਂ-ਸੜਕਾਂ ਨੂੰ ਪਾਣੀ ਨਾਲ ਧੋਣ, ਵਿਹੜਿਆਂ ਅਤੇ ਘਰਾਂ ਦੀਆਂ ਛੱਤਾਂ 'ਤੇ ਪਲਾਸਟਿਕ ਪਾਈਪਾਂ ਨਾਲ ਪਾਣੀ ਦਾ ਛਿੜਕਾਅ ਕਰਨ, ਸਵੀਮਿੰਗ-ਪੁਲ 'ਚ ਪਾਣੀ ਭਰਨ, ਕਾਰ ਧੋਣ ਲਈ ਪਾਣੀ ਦੀ ਕੀਤੀ ਜਾ ਰਹੀ ਦੁਰਵਰਤੋਂ ਨੂੰ ਰੋਕਣ ਲਈ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ | ਪਾਣੀ ਦੀ ਵਧਦੀ ਮੰਗ ਨੂੰ ਵੇਖਦੇ ਹੋਏ ਸ਼ਹਿਰਾਂ 'ਚ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਕਈ ਹੋਰ ਵੀ ਯਤਨ ਕੀਤੇ ਜਾ ਰਹੇ ਹਨ | ਸੰਬੰਧਿਤ ਵਿਭਾਗ ਦੁਆਰਾ ਕਈ ਵਾਰ ਪਾਣੀ ਦੀ ਦੁਰਵਰਤੋਂ ਨਾ ਕਰਨ ਬਾਰੇ ਚਿਤਾਵਨੀ ਵੀ ਦਿੱਤੀ ਜਾ ਚੁਕੀ ਹੈ, ਪਰ ਪਾਣੀ ਦੀ ਦੁਰਵਰਤੋਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ |

ਪਿਛਲੀ ਖ਼ਬਰ ਸੁਲਤਾਨਵਿੰਡ ਦੇ ਟੈਪਿਲ ਕਾਲੋਨੀ, ਪੱਤੀ ਮਨਸੂਰ ਦੀ ਤੇ ਪੱਤੀ ਮਲਕੋ ਵਿਚ ਲੱਗੇ ਕੂੜੇ ਦੇ ਢੇਰ ਅਗਲੀ ਖ਼ਬਰ ਆਵਾਜਾਈ ਜਾਮ ਦਾ ਕਾਰਨ ਬਣ ਰਹੇ ਈ-ਰਿਕਸ਼ਾ ਤੇ ਥ੍ਰੀ-ਵ੍ਹੀਲਰ-ਬਲਦੇਵ ਸਿੰਘ ਬੱਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।