ਅੰਮਿ੍ਤਸਰ, 15 ਅਕਤੂਬਰ (ਗਗਨਦੀਪ ਸ਼ਰਮਾ)-ਮਿੰਨੀ ਬੱਸ ਆਪੇ੍ਰਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੱਬੂ ਅਤੇ ਜ਼ਿਲ੍ਹਾ ਪ੍ਰਧਾਨ ਸਵਿੰਦਰ ਸਿੰਘ ਸੈਂਸਰਾ ਨੇ ਕਿਹਾ ਕਿ ਈ-ਰਿਕਸ਼ਾ ਅਤੇ ਥ੍ਰੀ-ਵ੍ਹੀਲਰ ਨਾ ਕੇਵਲ ਆਵਾਜਾਈ ਜਾਮ, ਬਲਕਿ ਸੜਕ ਹਾਦਸਿਆਂ ਦੇ ਵੀ ਕਾਰਨ ਬਣ ਰਹੇ ਹਨ | ਉਨ੍ਹਾਂ ਕਿਹਾ ਕਿ ਸਵਾਰੀਆਂ ਬਿਠਾਉਣ/ਉਤਾਰਨ ਲਈ ਆਪਣੇ ਵਾਹਨ ਬਿਲਕੁਲ ਬੱਸ ਸਟੈਂਡ ਦੇ ਐਂਟਰੀ ਅਤੇ ਐਗਜ਼ਿਟ ਗੇਟ 'ਤੇ ਲਿਆ ਕੇ ਖੜ੍ਹੇ ਕਰ ਦਿੰਦੇ ਹਨ, ਜਿਸ ਨਾਲ ਆਵਾਜਾਈ ਜਾਮ ਲੱਗ ਜਾਂਦੇ ਹਨ, ਕਈ ਵਾਰ ਸੜਕ ਹਾਦਸੇ ਵੀ ਵਾਪਰ ਚੁੱਕੇ ਹਨ, ਇਸ ਤੋਂ ਇਲਾਵਾ ਸਰਕਾਰੀ, ਵੱਡੀਆਂ ਅਤੇ ਮਿੰਨੀ ਬੱਸਾਂ ਦੇ ਡਰਾਈਵਰਾਂ ਨੂੰ ਵੀ ਕਈ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ | ਏ. ਡੀ. ਸੀ. ਪੀ. ਟਰੈਫਿਕ ਮੈਡਮ ਅਮਨਦੀਪ ਕੌਰ ਵਲੋਂ ਈ-ਰਿਕਸ਼ਾ ਅਤੇ ਥ੍ਰੀ-ਵ੍ਹੀਲਰਾਂ ਦੇ ਚਾਲਕਾਂ ਦੇ ਨਾਲ ਕਈ ਵਾਰ ਮੀਟਿੰਗ ਕਰਕੇ ਉਨ੍ਹਾਂ ਨੂੰ ਆਪਣੇ ਵਾਹਨ ਤਰੀਕੇ ਨਾਲ ਖੜ੍ਹੇ ਕਰਨ ਦੀ ਹਦਾਇਤ ਕੀਤੀ ਜਾ ਚੁੱਕੀ ਹੈ, ਪਰ ਇਨ੍ਹਾਂ ਲੋਕਾਂ 'ਤੇ ਕੋਈ ਅਸਰ ਹੁੰਦਾ ਨਹੀਂ ਦਿਖ ਰਿਹਾ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਖ਼ਾਸ ਕਰਕੇ ਟਰੈਫਿਕ ਪੁਲਿਸ ਨੂੰ ਅਪੀਲ ਕੀਤੀ ਕਿ ਕੋਈ ਇਸ ਮਸਲੇ ਦੇ ਹੱਲ ਲਈ ਠੋਸ ਕਦਮ ਚੁੱਕਿਆ ਜਾਵੇ |