ਅਜਨਾਲਾ, 16 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਦੂਸਰੇ ਦਿਨ ਵੀ ਡੀ. ਏ. ਪੀ. ਖ਼ਾਦ ਦੀ ਕਾਲਾਬਾਜ਼ਾਰੀ ਅਤੇ ਜਮਾਂਖੋਰੀ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਅਜਨਾਲਾ ਸ਼ਹਿਰ ਅਤੇ ਸਰਹੱਦੀ ਪਿੰਡ ਪੁੰਗਾ ਵਿਚ ਖਾਦਾਂ ਵੇਚਣ ਵਾਲੇ ਡੀਲਰਾਂ ਦੀ ਚੈਕਿੰਗ ਕੀਤੀ ਅਤੇ ਨਿਰਦੇਸ਼ ਦਿੱਤੇ ਕਿ ਹਰ ਦੁਕਾਨਦਾਰ ਖਾਦਾਂ ਦਾ ਸਟਾਕ ਜਰੂਰ ਡਿਸਪਲੇ ਕਰੇ | ਵਿਧਾਇਕ ਧਾਲੀਵਾਲ ਅਤੇ ਖੇਤੀਬਾੜੀ ਵਿਭਾਗ ਦੀ ਟੀਮ ਜਦੋਂ ਪਿੰਡ ਪੂੰਗਾ ਵਿਖੇ ਪਹੁੰਚੀ ਤਾਂ ਉਨ੍ਹਾਂ ਦੇ ਉੱਥੇ ਪਹੁੰਚਣ ਤੋਂ ਕੁਝ ਪਲ ਪਹਿਲਾਂ ਹੀ ਦੁਕਾਨਦਾਰ ਦੁਕਾਨ ਬੰਦ ਕਰਕੇ ਚਲਾ ਗਿਆ ਪਰ ਬਾਅਦ ਵਿਚ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ ਵਲੋਂ ਵਾਰ-ਵਾਰ ਫੋਨ ਕਰਨ 'ਤੇ ਦੁਕਾਨਦਾਰ ਨੇ ਵਾਪਸ ਆ ਕੇ ਆਪਣੀ ਦੁਕਾਨ ਖੋਲੀ ਜਿਸ ਤੋਂ ਬਾਅਦ ਟੀਮ ਵਲੋਂ ਦੁਕਾਨ ਵਿਚ ਜਾ ਕੇ ਖਾਦ ਦੇ ਸਟਾਕ ਦੀ ਜਾਂਚ ਕੀਤੀ | ਇਸ ਮੌਕੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ: ਬਲਜਿੰਦਰ ਸਿੰਘ ਭੁੱਲਰ, ਬਲਾਕ ਖੇਤੀਬਾੜੀ ਅਫਸਰ ਹਰਭਿੰਦਰ ਸਿੰਘ ਅਤੇ ਗੁਰਿੰਦਰ ਸਿੰਘ ਸੰਧੂ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ |