ਜਗਦੇਵ ਕਲਾਂ, 16 ਅਕਤੂਬਰ (ਸ਼ਰਨਜੀਤ ਸਿੰਘ ਗਿੱਲ)-ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਅਗਾਮੀ ਕਣਕ ਦੀ ਬਿਜਾਈ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਕੁਝ ਖੇਤੀਬਾੜੀ ਸਟੋਰਾਂ (ਡੀਲਰਾਂ) ਅਤੇ ਸਰਕਾਰੀ ਸਹਿਕਾਰੀ ਸੁਸਾਇਟੀਆਂ ਦੇ ਸਕੱਤਰਾਂ ਵਲੋਂ ਡੀ.ਏ.ਪੀ. ਅਤੇ ਹੋਰ ਖਾਦਾਂ ਨਾਲ ਕਥਿਤ ਤੌਰ 'ਤੇ ਵਾਧੂ ਬੇਲੋੜਾ ਸਾਮਾਨ ਦੇਣ ਅਤੇ ਖਾਦਾਂ ਮਹਿੰਗੀਆਂ ਦੇਣ ਦੀ ਕਾਲਾ ਬਾਜ਼ਾਰੀ ਨੂੰ ਰੋਕਣ ਲਈ ਖੇਤੀਬਾੜੀ, ਮਾਰਕਫੈੱਡ, ਕੋਆਪ੍ਰੇਟਿਵ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਜਗਦੇਵ ਕਲਾਂ ਵਿਖੇ ਮੀਟਿੰਗ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨਾਲ ਕਾਲਾ ਬਾਜ਼ਾਰੀ ਕਰਨ ਵਾਲਿਆਂ ਨਾਲ ਪੂਰੀ ਸਖਤੀ ਨਾਲ ਪੇਸ਼ ਆਇਆ ਜਾਵੇ | ਉਨ੍ਹਾਂ ਨੇ ਤਾੜਨਾ ਕੀਤੀ ਕਿ ਜੇਕਰ ਕੋਈ ਵੀ ਦੁਕਾਨਦਾਰ ਜਾਂ ਸੁਸਾਇਟੀਆਂ ਦੇ ਸਕੱਤਰ ਕਾਲਾ ਬਾਜ਼ਾਰੀ ਕਰਦੇ ਪਾਏ ਗਏ ਤਾਂ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਏਗਾ ਅਤੇ ਦੁਕਾਨਾਂ ਨੂੰ ਬਿਲਕੁਲ ਸੀਲ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਉਪਰੰਤ ਵਿਧਾਇਕ ਧਾਲੀਵਾਲ ਨੇ ਅਧਿਕਾਰੀਆਂ ਨੂੰ ਨਾਲ ਲੈ ਕੇ ਲਸ਼ਕਰੀ ਨੰਗਲ ਅਤੇ ਹੋਰ ਥਾਵਾਂ 'ਤੇ ਖਾਦਾਂ ਵੇਚਣ ਵਾਲੇ ਡੀਲਰਾਂ ਦੀ ਚੈਕਿੰਗ ਕੀਤੀ ਅਤੇ ਨਿਰਦੇਸ਼ ਦਿੱਤੇ ਕਿ ਹਰ ਦੁਕਾਨਦਾਰ ਖਾਦਾਂ ਦਾ ਸਟਾਕ ਅਤੇ ਰੇਟ ਜ਼ਰੂਰ ਡਿਸਪਲੇ ਕਰੇ | ਸ. ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਕੁਝ ਹੋਲਸੇਲ ਡੀਲਰਾਂ ਵਲੋਂ ਖਾਦਾਂ ਬਲੈਕ ਵਿਚ ਵੇਚ ਦਿੱਤੀਆਂ ਗਈਆਂ ਹਨ | ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਦੇ ਸਟਾਕ ਰਜਿਸਟਰਾਂ ਦੀ ਜਾਂਚ ਕਰਨ ਕਿ ਕਿੰਨੀ ਖਾਦ ਆਈ ਅਤੇ ਕਿਸ ਕਿਸ ਨੂੰ ਵੇਚੀ ਗਈ ਹੈ | ਉਨ੍ਹਾਂ ਦੇ ਧਿਆਨ ਇਹ ਵੀ ਵਿਚ ਆਇਆ ਹੈ ਕਿ ਕੁਝ ਕੋਆਪਰੇਟਿਵ ਸੁਸਾਇਟੀਆਂ ਵਲੋਂ ਵੀ ਖਾਦ ਬਲੈਕ ਵਿਚ ਵੇਚੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਸੰਬੰਧਿਤ ਵਿਭਾਗ ਦੇ ਮੰਤਰੀ ਅਤੇ ਸਕੱਤਰ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਦੋਸ਼ੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਬਲਜਿੰਦਰ ਸਿੰਘ ਭੁੱਲਰ, ਖੇਤੀਬਾੜੀ ਅਫਸਰ ਹਰਸ਼ਾ ਛੀਨਾ ਸਤਵਿੰਦਰ ਸਿੰਘ, ਏ. ਆਰ. ਅਜਨਾਲਾ ਅਤਿੰਦਰਪਾਲ ਸਿੰਘ, ਡੀ. ਆਰ. ਕੋਆਪ੍ਰੇਟਿਵ ਜਗਜੀਤ ਸਿੰਘ, ਡੀ. ਐੱਮ. ਮਾਰਕਫੈੱਡ ਮਨਿੰਦਰਪਾਲ ਸਿੰਘ, ਬਲਾਕ ਖੇਤੀਬਾੜੀ ਹਰਬਰਿੰਦਰ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ |