ਤਿਉਹਾਰੀ ਸੀਜ਼ਨ ਕਰ ਕੇ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦਾ ਉਮੜਿਆ ਸੈਲਾਬ <br/>
ਅਜੀਤ ਡੈਸਕ
23-10-2025
ਜੇਕਰ ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਪਿਛਲੇ 1-2 ਦਿਨਾਂ ਤੋਂ ਯਾਤਰੀਆਂ ਦੀ ਗਿਣਤੀ 'ਚ ਬੇਤਹਾਸ਼ਾ ਵਾਧਾ ਹੋਇਆ ਹੈ, ਇਸ ਸਥਿਤੀ ਵਿਚ ਭਾਵੇਂ ਵਿਭਾਗ ਦੀ ਕਮਾਈ 'ਚ ਵਾਧਾ ਹੋਇਆ ਹੈ, ਇਸ ਦੇ ਨਾਲ ਹੀ ਇਸ ਭੀੜ ਨੂੰ ਕੰਟਰੋਲ ਕਰਨ ਦੀ ਵੱਡੀ ਚੁਣੌਤੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਅੰਮਿ੍ਤਸਰ ਰੇਲਵੇ ਸਟੇਸ਼ਨ ਵਿਖੇ ਮੌਜੂਦਾ ਸਮੇਂ ਯਾਤਰੀਆਂ ਦੀ ਗਿਣਤੀ 5-10 ਹਜ਼ਾਰ ਜ਼ਿਆਦਾ ਦਰਜ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿਚ ਵਧੇਰੇ ਗਿਣਤੀ ਪ੍ਰਵਾਸੀਆਂ ਦੀ ਦੇਖਣ ਨੂੰ ਮਿਲ ਰਹੀ ਹੈ, ਜੋ ਕਿ ਰੋਜ਼ੀ-ਰੋਟੀ ਕਮਾਉਣ ਖ਼ਾਤਰ ਅੰਮਿ੍ਤਸਰ ਦੇ ਸ਼ਹਿਰੀ/ਦਿਹਾਤੀ ਖੇਤਰਾਂ 'ਚ ਰਹਿ ਰਹੇ ਹਨ ਅਤੇ 'ਛਠ ਪੂਜਾ' ਤਿਉਹਾਰ ਮਨਾਉਣ ਲਈ ਆਪਣੇ ਘਰ ਜਾ ਰਹੇ ਹਨ | ਦੂਜੇ ਪਾਸੇ ਰੇਲਵੇ ਵਲੋਂ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਪੇਸ਼ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਪਟਨਾ, ਕਟਿਹਾਰ, ਛਪਰਾ, ਕਿਸ਼ਨਗੰਜ, ਬੜਨੀ, ਸੁਪੌਲ ਆਦਿ ਲਈ ਅੰਮਿ੍ਤਸਰ ਤੇ ਲੁਧਿਆਣਾ ਤੋਂ 5-5 ਅਤੇ ਫ਼ਿਰੋਜ਼ਪੁਰ ਛਾਉਣੀ ਤੋਂ 1 ਤਿਉਹਾਰ ਸਪੈਸ਼ਲ ਰੇਲ ਗੱਡੀ ਦਾ ਸੰਚਾਲਨ ਵੀ ਕੀਤਾ ਜਾ ਰਿਹਾ ਹੈ |
ਸੁਰੱਖਿਆ ਦੇ ਪ੍ਰਬੰਧ ਯਕੀਨੀ ਬਣਾਉਣ ਲਈ ਜੀ. ਆਰ. ਪੀ. ਵਲੋਂ ਚੈਕਿੰਗ : ਰੇਲਵੇ ਸਟੇਸ਼ਨ ਵਿਖੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਤਹਿਤ ਜੀ. ਆਰ. ਪੀ. ਵਲੋਂ ਚੈਕਿੰਗ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ | ਇਸ ਲੜੀ ਤਹਿਤ ਅੱਜ ਏ. ਐੱਸ. ਆਈ. ਜਸਵਿੰਦਰਪਾਲ ਸਿੰਘ, ਏ. ਐੱਸ. ਆਈ. ਅਵਤਾਰ ਸਿੰਘ ਅਤੇ ਏ. ਐੱਸ. ਆਈ. ਅਜਮੇਰ ਸਿੰਘ ਵਲੋਂ ਵੇਟਿੰਗ ਹਾਲ ਅਤੇ ਉਸਦੇ ਬਾਹਰ ਟੈਂਟ ਹੇਠਾਂ ਬੈਠੇ ਯਾਤਰੀਆਂ ਦੇ ਸਾਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਵੀ ਕੀਤੀ |