ਅੰਮਿ੍ਤਸਰ, 23 ਅਕਤੂਬਰ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਵਿਖੇ ਫੈਸ਼ਨ ਡਿਜਾਈਨਿੰਗ ਵਿਭਾਗ ਵਲੋਂ ਦੋ ਦਿਨਾ ਦੀਵਾਲੀ ਪ੍ਰਦਰਸ਼ਨੀ ਕਮ-ਸੇਲ ਮੇਲਾ ਲਗਾਇਆ ਗਿਆ | ਪਿ੍ੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਨਿਰਦੇਸ਼ਾਂ 'ਤੇ ਲਗਾਈ ਉਕਤ ਪ੍ਰਦਰਸ਼ਨੀ ਦਾ ਉਦਘਾਟਨ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਦੁਆਰਾ ਕੀਤਾ ਗਿਆ | ਇਸ ਮੇਲੇ 'ਚ ਵਿਦਿਆਰਥੀਆਂ ਵਲੋਂ ਆਪਣੀ ਕਲਾ ਦਾ ਮੁਜ਼ਾਹਰਾ ਕਰਦਿਆਂ ਸੂਟ, ਦੁਪੱਟੇ, ਚਾਦਰਾਂ, ਦੀਵੇ, ਕਢਾਈਆਂ, ਘਰ ਦੀ ਸਜਾਵਟ ਦਾ ਸਾਮਾਨ, ਰੰਗੋਲੀ, ਮਹਿੰਦੀ, ਨੇਲ ਆਰਟ, ਮੋਮਬੱਤੀਆਂ ਆਦਿ ਕਲਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ |
ਡਾ. ਮਹਿਲ ਸਿੰਘ ਨੇ ਸੰਬੰਧਿਤ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਯੁੱਗ 'ਚ ਹਰ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਹੱਥੀਂ ਕਿਰਤ ਕਰਕੇ ਆਪਣੇ ਰੋਜ਼ਗਾਰ ਦਾ ਸਾਧਨ ਬਣਾਵੇ ਅਤੇ ਆਪਣਾ ਭਵਿੱਖ ਸੰਵਾਰੇ | ਪਿ੍ੰ: ਡਾ. ਰੰਧਾਵਾ ਨੇ ਕਿਹਾ ਕਿ ਵਿਦਿਆਰਥੀਆਂ 'ਚ ਹੱਥੀਂ ਤਿਆਰ ਕੀਤੀਆਂ ਕਲਾ-ਕਿਰਤੀਆਂ ਦੀ ਪੇਸ਼ਕਾਰੀ ਕਰਕੇ ਉਨ੍ਹਾਂ ਵਿਚਲੇ ਹੁਨਰ ਨੂੰ ਬਾਹਰ ਲਿਆਉਣ ਦੇ ਸਾਧਨ ਵਜੋਂ ਇਹ ਸਮਾਗਮ ਪ੍ਰਸ਼ੰਸਾ ਯੋਗ ਉਪਰਾਲਾ ਹੈ | ਇਸ ਪ੍ਰਦਰਸ਼ਨੀ ਮੌਕੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸਾਮਾਨ ਦੀ ਖਰੀਦਦਾਰੀ ਵੀ ਕੀਤੀ ਗਈ | ਵਿਭਾਗ ਮੁੱਖੀ ਜਸਮੀਤ ਕੌਰ ਨੇ ਆਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ | ਇਸ ਮੌਕੇ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ, ਡਾ. ਸਤਨਾਮ ਸਿੰਘ, ਡਾ. ਦਲਜੀਤ ਸਿੰਘ, ਡਾ. ਹਰਵਿੰਦਰ ਕੌਰ, ਡਾ. ਜਸਪ੍ਰੀਤ ਕੌਰ, ਡਾ. ਸਵਰਾਜ ਕੌਰ, ਡਾ. ਕਮਲਜੀਤ ਕੌਰ, ਡਾ. ਗੁਰਸ਼ਰਨ ਕੌਰ, ਡਾ. ਦੀਪਕ ਦੇਵਗਨ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਤੇ ਵੱਡੀ ਗਿਣਤੀ 'ਚ ਵਿਦਿਆਰਥੀ ਹਾਜ਼ਰ ਸਨ |
ਖ਼ਾਲਸਾ ਕਾਲਜ ਵਿਖੇ ਦੋ ਦਿਨਾ ਦੀਵਾਲੀ ਪ੍ਰਦਰਸ਼ਨੀ-ਕਮ-ਵਿਕਰੀ ਮੇਲਾ ਕਰਵਾਇਆ <br/>
ਅਜੀਤ ਡੈਸਕ
24-10-2025