ਅੰਮਿ੍ਤਸਰ, 23 ਅਕਤੂਬਰ (ਹਰਮਿੰਦਰ ਸਿੰਘ)-ਸ਼ਹਿਰ ਵਾਸੀਆਂ ਦੇ ਆਮਦਨ ਸਰਟੀਫਿਕੇਟ, ਜਾਤੀ ਅਤੇ ਰਿਹਾਇਸ਼ੀ ਸਰਟੀਫਿਕੇਟ ਆਨਲਾਈਨ ਤਸਦੀਕ ਕਰਨ ਦੇ ਅਧਿਕਾਰ ਕੌਂਸਲਰਾਂ ਨੂੰ ਮਿਲਣ ਤੋਂ ਬਾਅਦ ਸਰਟੀਫਿਕੇਟ ਤਸਦੀਕ ਕਰਨ ਦੀ ਕੰਮ 'ਚ ਤੇਜ਼ੀ ਆਉਣ ਜਗ੍ਹਾ ਦੇਰੀ ਹੋਣ ਲੱਗ ਪਈ ਹੈ | ਅੰਮਿ੍ਤਸਰ ਨਗਰ ਨਿਗਮ ਦੇ ਕੌਂਸਲਰਾਂ ਦੇ ਪੋਰਟਲ 'ਤੇ ਸਰਟੀਫਿਕੇਟ ਤਸਦੀਕ ਦੀਆਂ 536 ਦੇ ਕਰੀਬ ਅਰਜ਼ੀਆਂ ਵਿਚਾਰ ਅਧੀਨ ਹਨ | ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਅਰਜ਼ੀਆਂ ਦਾ ਸਮਾ ਹੱਦ ਵੀ ਪੂਰਾ ਹੋ ਚੁਕਾ ਹੈ | ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਅਰਜ਼ੀਆਂ ਵਿਚੋਂ ਸਭ ਤੋਂ ਵਧੇਰੇ ਅਰਜ਼ੀਆਂ ਵਾਰਡ ਨੰ: 65 ਦੇ ਕੌਂਸਲਰ ਦੇ ਪੋਰਟਲ 'ਤੇ ਤਸਦੀਕ ਲਈ ਵਿਚਾਰ ਅਧੀਨ ਹਨ ਜਿਨ੍ਹਾਂ ਦੀ ਗਿਣਤੀ 75 ਤੋਂ ਵਧੇਰੇ ਦੱਸੀ ਜਾ ਰਹੀ ਹੈ | ਇਸ ਤਰ੍ਹਾਂ ਵਾਰਡ ਨੰ: 18 ਦੇ ਕੌਂਸਲਰ ਦੇ ਪੋਰਟਲ 'ਤੇ 40, ਵਾਰਡ ਨੰ: 72 ਦੇ ਕੌਂਸਲਰ ਦੇ ਪੋਰਟਲ 'ਤੇ 28 ਅਰਜ਼ੀਆਂ , ਵਾਰਡ ਨੰ: 53 ਦੇ ਕੌਂਸਲਰ ਦੇ ਪੋਰਟਲ 'ਤੇ 27 ਅਤੇ ਵਾਰਡ ਨੰ: 69 ਦੇ ਕੌਂਸਲਰ ਦੇ ਪੋਰਟਲ 'ਤੇ 23 ਅਰਜ਼ੀਆਂ ਤਸਦੀਕ ਲਈ ਵਿਚਾਰ ਅਧੀਨ ਹਨ | ਇਸ ਤੋਂ ਇਲਾਵਾ ਬਾਕੀ ਵੀ ਕਈ ਕੌਂਸਲਰਾਂ ਦੇ ਪੋਰਟਲ 'ਤੇ ਸਰਟੀਫਿਕੇਟ ਤਸਦੀਕ ਦੀਆਂ ਕਈ ਅਰਜ਼ੀਆਂ ਅਜੇ ਵਿਚਾਰ ਅਧੀਨ ਹਨ | ਇਹ ਅਰਜ਼ੀਆਂ ਤਸਦੀਕ ਕਰਕੇ ਅੱਗੇ ਭੇਜਣ ਲਈ ਦਿੱਤੀ ਸਮਾਂ ਬੰਦ ਹੁੰਦਾ ਹੈ ਪਰ ਇਨ੍ਹਾਂ ਵਿਚੋਂ ਬਹੁਤੀਆਂ ਅਰਜ਼ੀਆਂ ਦਾ ਸਮਾਂ ਵੀ ਨਿਕਲ ਗਿਆ ਹੈ |