ਚੋਗਾਵਾਂ, 4 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਚਾਰ ਜ਼ੋਨ ਰਾਮ ਤੀਰਥ, ਲੋਪੋਕੇ, ਚੋਗਾਵਾਂ ਅਤੇ ਸੋਹਣ ਸਿੰਘ ਭਕਨਾ ਦੀ ਕਨਵੈੱਨਸ਼ਨ ਇਤਿਹਾਸਕ ਗੁਰਦੁਆਰਾ ਬਾਬਾ ਸਾਧੂ ਸਿੱਖ ਚਵਿੰਡਾ ਕਲਾਂ ਵਿਖੇ ਹੋਈ | ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਤੇ ਬੀਬੀਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਆਗੂ ਸਰਵਣ ਸਿੰਘ ਪੰਧੇਰ, ਬਾਜ ਸਿੰਘ ਸਾਰੰਗੜਾ, ਇਕਾਈ ਪ੍ਰਧਾਨ ਦਿਲਬਾਗ ਸਿੰਘ ਚੱਕ ਮਿਸ਼ਰੀ ਖਾਂ ਆਦਿ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2025 ਲਿਆ ਕੇ ਬਿਜਲੀ ਬੋਰਡ ਨੂੰ ਵੇਚਣ ਦੀ ਤਿਆਰੀ ਕੀਤੀ ਜਾ ਰਹੀ, ਸ਼ੰਭੂ, ਖਨੌਰੀ ਤੇ ਪੰਜਾਬ ਸਰਕਾਰ ਵਲੋਂ ਕੀਤੇ ਗਏ ਮੋਰਚਿਆਂ ਦੇ ਨੁਕਸਾਨ ਦੀ ਭਰਪਾਈ ਅਤੇ ਇਨਸਾਫ, ਕਰਜ਼ਾ ਮੁਕਤੀ, ਪਰਾਲੀ ਦੇ ਮਸਲੇ ਤੇ ਕਿਸਾਨਾਂ 'ਤੇ ਨਾਜਾਇਜ਼ ਪਰਚੇ ਕਰਨਾ, ਐੱਮ. ਐੱਸ. ਪੀ. ਲੀਗਲ ਗਰੰਟੀ ਕਾਨੂੰਨ ਅਤੇ ਹੜ੍ਹਾਂ ਦਾ ਮੁਆਵਜ਼ਾ, ਪ੍ਰੀਪੇਡ ਮੀਟਰ ਲਗਾਉਣਾ ਆਦਿ ਮਸਲਿਆਂ ਨੂੰ ਲੈ ਕੇ ਸਰਕਾਰਾਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ | ਜਿਸ ਦੇ ਵਿਰੋਧ ਵਿਚ 15, 16 ਅਤੇ 17 ਨੂੰ ਭਗਵੰਤ ਮਾਨ ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ | ਉਨ੍ਹਾਂ ਅੱਗੇ ਕਿਹਾ ਕਿ ਬੀਤੇ ਦਿਨੀ ਪਿੰਡ ਚੱਕ ਮਿਸ਼ਰੀ ਖਾਂ ਦੇ ਕਿਸਾਨ ਸੁਖਦੇਵ ਸਿੰਘ ਜੋ ਟਰੈਕਟਰ ਟਰਾਲੀ ਦੇ ਝੋਨਾ ਵੇਚ ਕੇ ਖਾਸਾ ਤੋਂ ਵਾਇਆ ਰਾਮ ਤੀਰਥ ਵਾਪਸ ਆ ਰਿਹਾ ਸੀ ਤੇ ਰਸਤੇ ਵਿਚ ਲੁੱਕ ਪਲਾਂਟ ਦੇ ਬਾਹਰ ਖਲੋਤੇ ਟਿੱਪਰਾਂ ਕਾਰਨ ਉਸ ਦੇ ਟਰੈਕਟਰ ਦਾ ਐਕਸੀਡੈਂਟ ਹੋ ਗਿਆ | ਟਰੈਕਟਰ 100 ਫੀਸਦੀ ਨੁਕਸਾਨਿਆ ਗਿਆ | ਗਰੀਬ ਕਿਸਾਨ ਬੇਜਮੀਨਾ ਹੈ | ਟਰੈਕਟਰ 'ਤੇ ਹੀ ਆਪਣਾ ਕਾਰੋਬਾਰ ਕਰਦਾ ਸੀ ਪਰ ਉਸ ਦੀ ਕੋਈ ਸਾਰ ਨਹੀਂ ਲਈ ਗਈ ਤੇ ਨਾ ਕੋਈ ਸੁਣਵਾਈ ਹੋਈ | ਜਿਸ ਦੇ ਵਿਰੋਧ ਵਿਚ ਲੁੱਕ ਪਲਾਂਟ ਅੱਗੇ ਧਰਨਾ ਲਗਾਇਆ ਗਿਆ | ਇਸ ਮੌਕੇ ਜ਼ੋਨ ਪ੍ਰਧਾਨ ਕੁਲਬੀਰ ਸਿੰਘ, ਪ੍ਰਧਾਨ ਗੁਰਲਾਲ ਸਿੰਘ ਕੱਕੜ, ਪ੍ਰਧਾਨ ਰਾਜਬੀਰ ਸਿੰਘ, ਸ਼ਰਨਜੀਤ ਸਿੰਘ ਬੱਚੀਵਿੰਡ, ਕੁਲਦੀਪ ਸਿੰਘ, ਲਖਵਿੰਦਰ ਸਿੰਘ ਡਾਲਾ, ਜੋਗਾ ਸਿੰਘ ਚੱਕ ਮਿਸ਼ਰੀ ਖਾਂ, ਗੁਰਦੇਵ ਸਿੰਘ, ਦਾਰਾ ਸਿੰਘ, ਸੁਖਵਿੰਦਰ ਸਿੰਘ ਕੋਲੋਵਾਲ, ਜਸਕਿੰਦਰ ਸਿੰਘ ਸ਼ਾਹ, ਗੁਰਨਾਮ ਸਿੰਘ ਆਦਿ ਹਾਜ਼ਰ ਸਨ |