ਅੰਮਿ੍ਤਸਰ, 6 ਨਵੰਬਰ (ਰੇਸ਼ਮ ਸਿੰਘ)-ਇੱਥੇ ਸ਼ਹਿਰੀ ਖੇਤਰ ਮੋਹਕਮਪੁਰਾ 'ਚ ਦੋ ਧਿਰਾਂ ਦੀ ਆਪਸੀ ਲੜਾਈ 'ਚ ਗੋਲੀਆਂ ਚੱਲਣ ਦੀ ਖ਼ਬਰ ਮਿਲੀ ਹੈ | ਦੋਵਾਂ ਧਿਰਾਂ ਵਲੋਂ ਦਰਜਨ ਦੇ ਕਰੀਬ ਗੋਲੀਆਂ ਇਕ ਦੂਜੇ 'ਤੇ ਚਲਾਈਆਂ ਗਈਆਂ | ਇਸ ਲੜਾਈ 'ਚ ਗੋਲੀਆਂ ਚਲਣ ਨਾਲ ਤਿੰਨ ਵਿਅਕਤੀ ਜ਼ਖ਼ਮੀਂ ਹੋ ਗਏ, ਜਦੋਂ ਕਿ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ | ਪੁਲਿਸ ਵਲੋਂ ਦਾਅਵਾ ਕੀਤਾ ਗਿਆ ਕਿ ਜਲਦ ਹੀ ਮੁਲਜ਼ਮਾਂ ਨੂੰ ਗਿ੍ਫਤਾਰ ਕਰ ਲਿਆ ਜਾਵੇਗਾ | ਜ਼ਖ਼ਮੀਂ ਹੋਏ ਨੌਜਵਾਨਾਂ ਦੀ ਸ਼ਨਾਖਤ ਸਾਗਰ, ਵਿਸ਼ੁੂ ਤੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਤਿੰਨੇ ਮੋਹਕਮਪੁਰਾ ਖੇਤਰ ਦੇ ਇਲਾਕੇ ਕ੍ਰਿਸ਼ਨ ਨਗਰ ਦੇ ਰਹਿਣ ਵਾਲੇ ਦੱਸੇ ਗਏ ਹਨ | ਜ਼ਖ਼ਮੀਆਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ੇਰੇ ਇਲਾਜ ਹਨ | ਇਹ ਲੜਾਈ ਦੋਵਾਂ ਧਿਰਾਂ ਦੀ ਆਪਸੀ ਰੰਜਿਸ਼ ਦਾ ਨਤੀਜਾ ਦੱਸੀ ਗਈ ਹੈ | ਮਿਲੇ ਵੇਰਵਿਆਂ ਅਨੁਸਾਰ ਬੀਤੀ ਅੱਧੀ ਰਾਤ ਤੋਂ ਬਾਅਦ ਦੋਵੇਂ ਧਿਰਾਂ ਜੋ ਕਿ ਕਿਸੇ ਸਮਾਗਮ ਤੋਂ ਵਾਪਸ ਪਰਤ ਰਹੀਆਂ ਸਨ ਕਿ ਇਨ੍ਹਾਂ ਦੇ ਵਿਚ ਬਹਿਸਬਾਜ਼ੀ ਸ਼ੁਰੂ ਹੋ ਗਈ ਜੋ ਕੁਝ ਸਮੇਂ ਬਾਅਦ ਖ਼ੂਨੀ ਵਿਵਾਦ 'ਚ ਬਦਲ ਗਈ ਤੇ ਗੋਲੀਆਂ ਚੱਲ ਗਈਆਂ | ਇਸ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਪੁਲਿਸ ਵਲੋਂ ਮੌਕੇ 'ਤੇ ਪੁੱਜ ਕੇ ਹਾਲਾਤ 'ਤੇ ਕੰਟਰੋਲ ਕੀਤਾ ਗਿਆ ਤੇ ਜਖ਼ਮੀਆਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ | ਪੁਲਿਸ ਵਲੋਂ ਦੁਵਲੀ ਗੋਲੀਬਾਰੀ ਦੇ ਮਾਮਲੇ 'ਚ ਪਰਚਾ ਦਰਜ ਕਰ ਲਿਆ ਗਿਆ ਹੈ | ਏ. ਸੀ. ਪੀ. ਪੂਰਬੀ ਗਗਨਦੀਪ ਸਿੰਘ ਨੇ ਮੁੱਢਲੀ ਤਫਤੀਸ਼ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਗਰ ਵਲੋਂ ਗੋਲੀਆਂ ਚਲਾਉਣ ਲਈ ਵਰਤਿਆ ਗਿਆ ਪਿਸਤੌਲ ਲਾਇੰਸਸੀ ਹੈ, ਜਦੋਂ ਕਿ ਦੂਜੀ ਧਿਰ ਵਲੋਂ ਗੋਲੀਆਂ ਚਲਾਉਣ ਲਈ ਵਰਤੇ ਗਏ ਹਥਿਆਰਾਂ ਦੀ ਤਸਦੀਕ ਕੀਤੀ ਜਾ ਰਹੀ ਹੈ |
ਸ਼ਹਿਰ ਦੇ ਖੇਤਰ ਮੋਹਕਮਪੁਰਾ 'ਚ ਹੋਈ ਦੁਵੱਲੀ ਗੋਲੀਬਾਰੀ 'ਚ ਤਿੰਨ ਵਿਅਕਤੀ ਜ਼ਖ਼ਮੀਂ
ਅਜੀਤ ਡੈਸਕ
07-11-2025