ਅਟਾਰੀ, (ਅੰਮਿ੍ਤਸਰ), 6 ਨਵੰਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਪਿੰਡ ਜਠੌਲ 'ਚ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ 'ਯੁੱਧ ਨਸ਼ਿਆਂ ਵਿਰੁੱਧ' ਅਭਿਆਨ ਤਹਿਤ ਨਸ਼ਾ ਤਸਕਰ ਗੁਰਪ੍ਰੀਤ ਸਿੰਘ ਉਰਫ ਬਿੱਲਾ ਪੁੱਤਰ ਬੀਰ ਸਿੰਘ ਸਿੰਘ ਪਿੰਡ ਜਠੌਲ ਥਾਣਾ ਘਰਿੰਡਾ ਦੀ ਨਸ਼ਾ ਵੇਚ ਕੇ ਬਣਾਈ ਆਲੀਸ਼ਾਨ ਕੋਠੀ 'ਤੇ ਬੁਲਡੋਜ਼ਰ ਚਲਾਇਆ ਗਿਆ ਹੈ | ਇਸ ਸੰਬੰਧੀ ਗੱਲਬਾਤ ਕਰਦੇ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਉਕਤ ਤਸਕਰ 'ਤੇ ਐੱਨ. ਡੀ. ਪੀ. ਐੱਸ. ਅਤੇ ਹੋਰ ਐਕਟ ਅਧੀਨ 6 ਪਰਚੇ ਵੱਖ-ਵੱਖ ਥਾਣਿਆਂ ਵਿਚ ਦਰਜ ਹਨ | ਉਨ੍ਹਾਂ ਦੱਸਿਆ ਕਿ ਇਹ ਨਸ਼ਾ ਤਸਕਰੀ ਦੇ ਮਾਮਲਿਆਂ ਵਿਚ ਨਾਮਜ਼ਦ ਹੈ ਅਤੇ 10 ਸਾਲ ਦੀ ਸਜ਼ਾ ਕੱਟ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਵਲੋਂ ਨਸ਼ਾ ਤਸਕਰੀ ਦੀ ਕਾਲੀ ਕਮਾਈ ਨਾਲ ਸਰਕਾਰੀ ਜ਼ਮੀਨ 'ਤੇ ਗੈਰਕਾਨੂੰਨੀ ਤਰੀਕੇ ਨਾਲ ਬਣਾਈ ਗਈ ਵਿਸ਼ਾਲ ਕੋਠੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ | ਨਸ਼ਾ ਤਸਕਰ ਨੇ ਪੰਜਾਬ ਸਰਕਾਰ ਦੀ ਜਾਇਦਾਦ 'ਤੇ ਕਬਜ਼ਾ ਕਰਕੇ ਉਸਾਰੀ ਕੀਤੀ ਹੋਈ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਅੱਜ ਉਕਤ ਨਸ਼ਾ ਤਸਕਰ ਦੀ ਪਿੰਡ ਜਠੌਲ ਸਥਿਤ ਜਾਇਦਾਦ ਉੱਤੇ ਬੁਲਡੋਜ਼ਰ ਚਲਾਇਆ ਗਿਆ ਹੈ | ਗੁਰਪ੍ਰੀਤ ਸਿੰਘ ਬਿੱਲਾ ਕੋਲੋਂ 36 ਕਿੱਲੋ ਹੈਰੋਇਨ ਫੜੀ ਗਈ ਸੀ ਅਤੇ ਹੁਣ ਇਹ ਜੰਮੂ ਕਸ਼ਮੀਰ ਦੀ ਜੇਲ੍ਹ ਵਿਚ ਸਜ਼ਾ ਭੁਗਤ ਰਿਹਾ ਹੈ | ਗੁਰਪ੍ਰੀਤ ਸਿੰਘ ਜਠੌਲ ਉੱਪਰ ਜਸੂਸੀ ਕਰਨ, ਹੈਰੋਇਨ ਦੀ ਤਸਕਰੀ, ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਨਾਲ ਸੰਬੰਧ ਰੱਖਣ ਆਦਿ ਪਰਚੇ ਦਰਜ ਹਨ |