ਰਾਜਾਸਾਂਸੀ, 6 ਨਵੰਬਰ (ਹਰਦੀਪ ਸਿੰਘ ਖੀਵਾ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਅੱਜ 7 ਨਵੰਬਰ ਨੂੰ ਤਰਨਤਾਰਨ ਵਿਚ ਵੱਡੀ ਰੈਲੀ ਕੀਤੀ ਜਾਵੇਗੀ | ਇਸ ਰੈਲੀ ਦੇ ਸੰਬੰਧ 'ਚ ਰਾਜਾਸਾਂਸੀ 'ਚ ਬਲਾਕ ਹਰਸ਼ਾ ਛੀਨਾ ਦੇ ਪ੍ਰਧਾਨ ਨਿਰਮਲ ਕੌਰ ਵਰਨਾਲੀ ਵਲੋਂ ਸਰਕਲ ਦੀ ਮੀਟਿੰਗ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਵਰਕਰਾਂ ਤੇ ਹੈਲਪਰਾਂ ਵਲੋਂ ਆਨਲਾਈਨ ਹੜਤਾਲ ਨੂੰ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਵੀ ਗੰਭੀਰਤਾ ਨਹੀਂ ਦਿਖਾਈ ਗਈ | ਪ੍ਰਧਾਨ ਵਰਨਾਲੀ ਨੇ ਕਿਹਾ ਕਿ ਸਰਕਾਰ ਵਲੋਂ ਆਨਲਾਈਨ ਕੰਮ ਕਰਨ ਲਈ ਨਾ ਤਾਂ ਫੋਨ ਮੋਬਾਈਲ ਦਿੱਤੇ ਗਏ ਹਨ ਤੇ ਨਾ ਹੀ ਨੈੱਟ ਡਾਟਾ ਲਈ ਰਕਮ ਦਿੱਤੀ ਗਈ ਹੈ , ਜਿਸ ਕਾਰਨ ਐੱਫਆਰਐੱਸ ਦੇ ਆਨਲਾਈਨ ਕੰਮ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਗਿਆ ਹੈ | ਇਸ ਮੌਕੇ ਜੋਤੀ ਮਹਿਲਾਂ, ਕਰਨਜੀਤ ਕੌਰ ਉੱਗਰ ਔਲਖ, ਸੰਦੀਪ ਕੌਰ, ਹਰਜਿੰਦਰ ਕੌਰ ਰਾਜਾਸਾਂਸੀ, ਹਰਜਿੰਦਰ ਕੌਰ, ਨਿਰਮਲਜੀਤ ਕੌਰ ਬੱਗਾ, ਨਿਰਮਲਜੀਤ ਕੌਰ ਕੋਟਲਾ ਸਮੇਤ ਦਰਜਨਾਂ ਵਰਕਰਾਂ ਹਾਜ਼ਰ ਸਨ |