ਅੰਮਿ੍ਤਸਰ, 24 ਨਵੰਬਰ (ਗਗਨਦੀਪ ਸ਼ਰਮਾ)-ਭੰਡਾਰੀ ਪੁਲ 'ਤੇ ਮਜ਼ਦੂਰਾਂ ਦਾ ਵਿਸ਼ਾਲ ਇਕੱਠ ਕਰਕੇ ਲੇਬਰ ਕੋਡ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਧਰਨੇ ਦੀ ਅਗਵਾਈ ਕਰਨ ਵਾਲੇ ਸੀ. ਆਈ. ਟੀ. ਯੂ. ਦੇ ਕਾਮਰੇਡ ਸੁੱਚਾ ਸਿੰਘ ਅਜਨਾਲਾ, ਇੰਟਕ ਦੇ ਸੁਰਿੰਦਰ ਕੁਮਾਰ ਅਤੇ ਸੀ. ਟੀ. ਯੂ. ਦੇ ਜਗਤਾਰ ਸਿੰਘ ਕਰਮਪੁਰਾ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਮੁਲਾਜ਼ਮ ਵਿਰੋਧੀ ਕਰਾਰ ਦਿੱਤਾ | ਉਨ੍ਹਾਂ ਦੱਸਿਆ ਕਿ 8 ਘੰਟੇ ਦੀ ਦਿਹਾੜੀ ਦੀ ਜਗ੍ਹਾ 12 ਘੰਟੇ ਦਿਹਾੜੀ ਕਰਨਾ, ਇਸਤਰੀ ਵਰਕਰਾਂ ਨੂੰ 24 ਘੰਟੇ ਕੰਮ 'ਤੇ ਰੱਖਣਾ, ਛੁੱਟੀਆਂ ਖਤਮ ਕਰਨਾ, ਠੇਕੇਦਾਰੀ ਪ੍ਰਥਾ ਨੂੰ ਪਹਿਲ ਦੇਣਾ, ਲੇਬਰ ਵਿਭਾਗ ਦੀਆਂ ਡਿਊਟੀਆਂ ਘੱਟ ਕਰਕੇ ਮਾਲਕਾਂ ਦੇ ਹੱਕਾਂ ਦੀ ਰਾਖੀ ਕਰਨਾ ਆਦਿ ਮੰਗਾਂ ਦੀ ਪ੍ਰਾਪਤੀ ਲਈ ਕਿਸਾਨ ਸੰਯੁਕਤ ਮੋਰਚਾ ਵਲੋਂ 26 ਨਵੰਬਰ ਨੂੰ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਰੋਸ ਇਕੱਠ ਨੂੰ ਕਾਮਯਾਬ ਕਰਨ ਲਈ ਮਜ਼ਦੂਰ ਵਰਕਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ | ਇਸ ਰੋਸ ਧਰਨੇ 'ਚ ਸੀਟੂ ਵਲੋਂ ਚਰਨਜੀਤ ਮਜੀਠਾ, ਨਰਿੰਦਰਪਾਲ ਚਮਿਆਰੀ, ਕਿਰਪਾ ਰਾਮ, ਗੁਰਦੀਪ ਸਿੰਘ ਬੁਤਾਲਾ, ਤਰਸੇਮ ਸਿੰਘ ਦਿਓਲ, ਵਾਸੂਦੇਵ, ਇੰਟਕ ਵਲੋਂ ਕਾਮਰੇਡ ਗੁਲਜਾਰ ਸਿੰਘ ਖਾਸਾ, ਬਿੱਟੂ ਵੇਰਕਾ, ਪੂਜਾ, ਸਰੋਜ ਬਾਲਾ, ਸੀ. ਟੀ. ਯੂ. ਤੋਂ ਇੰਦਰਪਾਲ ਸਿੰਘ, ਲਖਬੀਰ ਸਿੰਘ, ਪ੍ਰਤਾਪ ਸਿੰਘ ਆਦਿ ਸਾਥੀ ਵੀ ਹਾਜ਼ਰ ਹੋਏ |
ਭੰਡਾਰੀ ਪੁਲ 'ਤੇ ਲੇਬਰ ਕੋਡ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ
ਅਜੀਤ ਡੈਸਕ
25-11-2025