ਅੰਮਿ੍ਤਸਰ, 3 ਦਸੰਬਰ (ਰੇਸ਼ਮ ਸਿੰਘ)- ਸ਼ਹਿਰ 'ਚ ਟਰੈਫਿਕ ਜਾਮ ਤੋਂ ਨਿਜ਼ਾਤ ਦਿਵਾਉਣ ਲਈ ਪੁਲਿਸ ਵਲੋਂ ਇਕ ਮਾਸਟਰ ਯੋਜ਼ਨਾ ਤਿਆਰ ਕੀਤੀ ਗਈ ਹੈ ਜਿਸ ਤਹਿਤ ਪੁਖਤਾ ਪ੍ਰਬੰਧਾਂ ਦੇ ਨਾਲ ਨਾਲ ਹਰੇਕ ਚੌਂਕ 'ਚ ਜਾਮ ਲੱਗਣ ਤੋਂ ਬਚਾਅ ਲਈ ਟਰੈਫਿਕ ਪੁਲਿਸ ਦੇ ਮੁਲਾਜ਼ਮ ਯੋਜਨਾ ਨਾਲ ਜਾਮ ਖੁੱਲਵਾਉਣਗੇ ਤੇ ਕਿਤੇ ਵੀ ਟਰੈਫਿਕ ਵਰਗੀ ਸਮੱਸਿਆ ਹੀ ਨਹੀਂ ਰਹੇਗੀ | ਇਹ ਪ੍ਰਗਟਾਵਾ ਅੱਜ ਇਥੇ ਸਰਕਟ ਹਾਊਸ ਨੇੜੇ ਰਿਆਲਟੋ ਚੌਂਕ ਵਿਖੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਏ.ਡੀ.ਸੀ.ਪੀ. ਟਰੈਫਿਕ ਸ੍ਰੀਮਤੀ ਅਮਨਦੀਪ ਕੌਰ ਨੇ ਕੀਤਾ | ਉਨ੍ਹਾਂ ਦੱਸਿਆ ਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ 'ਤੇ ਅਗਵਾਈ ਤਹਿਤ ਟਰੈਫਿਕ ਜਾਮ ਤੋਂ ਬਚਾਅ ਲਈ ਮੋਬਾਈਲ ਯੂਨਿਟ ਸਥਾਪਿਤ ਕੀਤੇ ਗਏ ਹਨ ਅਤੇ ਮੋਬਾਈਲ ਵਿੰਗ ਦੇ ਮੋਟਰਸਾਈਕਲ ਸਵਾਰ ਮੁਲਾਜ਼ਮ ਹਰੇਕ ਜ਼ੋਨ ਮੁਤਾਬਕ ਡਿਊਟੀ ਕਰਨਗੇ, ਜਿਨ੍ਹਾਂ ਨੂੰ ਆਵਾਜਾਈ ਚਲਾਨ ਵਾਲੀ ਮਸ਼ੀਨ ਵੀ ਦਿੱਤੀ ਗਈ ਹੈ ਅਤੇ ਜੇਕਰ ਕੋਈ ਆਵਾਜਾਈ 'ਚ ਗਲਤ ਪਾਰਕਿੰਗ, ਗਲਤ ਸਾਈਡ ਤੋਂ ਵਾਹਨ ਲੈ ਕੇ ਚਲੇਗਾ ਜਾਂ ਲਾਲ ਬੱਤੀ ਦੀ ਉਲੰਘਣਾ ਕਰੇਗਾ ਤਾਂ ਮੋਬਾਈਲ ਟੀਮ ਉਸੇ ਵੇਲੇ ਉਸ ਵਾਹਨ ਦਾ ਚਲਾਨ ਕੱਟੇਗੀ | ਇਸ ਨਾਲ ਚਾਲਕ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਗੇ ਤੇ ਆਵਾਜਾਈ ਜਾਮ ਤੋਂ ਨਿਜ਼ਾਤ ਮਿਲ ਸਕੇਗੀ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵ ਸ਼ਹਿਰ ਦੇ ਵੱਖ-ਵੱਖ ਪੁਆਇੰਟਾਂ ਤੇ ਟਰੈਫਿਕ ਡਾਇਵਰਸ਼ਨ ਕਰਕੇ ਕਰਮਚਾਰੀਆਂ ਦੀਆਂ ਡਿਉਟੀਆਂ ਲਗਾਈਆਂ ਗਈਆਂ, ਤਾਂ ਜੋ ਆਮ ਪਬਲਿਕ ਨੂੰ ਕਿਸੇ ਕਿਸਮ ਦੀ ਟਰੈਫਿਕ ਸੰਬੰਧੀ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਇਸ ਤੋਂ ਇਲਾਵਾ ਟਰੈਫਿਕ ਜ਼ੋਨ ਇੰਚਾਰਜਾਂ ਵਲੋਂ ਆਪਣੇ-ਆਪਣੇ ਜ਼ੋਨ ਏਰੀਆ ਵਿਚ ਨਾਜਾਇਜ਼ ਕਬਜੇ ਹਟਾਕੇ ਟਰੈਫਿਕ ਨੂੰ ਨਿਯਮਿਤ ਕੀਤਾ ਜਾ ਰਿਹਾ ਹੈ ਅਤੇ ਨਾਜਾਇਜ਼ ਕਬਜੇ ਕਰਕੇ ਫੁੱਟਪਾਥ 'ਚ ਵਿਘਨ ਪਾਉਣ ਵਾਲੇ ਦੁਕਾਨਦਾਰਾਂ ਤੇ ਰੇਹੜੀ ਫੜੀ ਵਾਲਿਆਂ ਖ਼ਿਲਾਫ਼ ਪਰਚੇ ਵੀ ਦਰਜ ਕਰਵਾਏ ਜਾ ਰਹੇ ਹਨ | ਇਸ ਤੋਂ ਇਲਾਵਾ ਟਰੈਫਿਕ ਪੁਲਿਸ ਦੇ ਨਾਕੇ, ਬਿਨਾ ਹੈਲਮਟ, ਦੋ ਪਹੀਆ ਵਾਹਨ 'ਤੇ ਤੀਹਰੀ ਸਵਾਰੀ, ਬਿਨਾ ਹਾਈ ਸਕਿਉਰਟੀ ਨੰਬਰ ਪਲੇਟਾਂ, ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਾਰਨ ਆਦਿ ਦੇ ਚਲਾਨ ਕੀਤੇ ਜਾ ਰਹੇ ਹਨ ਤੇ ਇਹ ਮੁਹਿੰਮ ਭਵਿੱਖ ਵਿਚ ਵੀ ਜਾਰੀ ਰੱਖੀ ਜਾਵੇਗੀ | ਇਸ ਮੌਕੇ ਇੰਸ: ਰਾਮ ਦਵਿੰਦਰ ਸਿੰਘ, ਸਬ ਇੰਸ: ਮੰਗਲ ਸਿੰਘ ਘੰਨੂਪੁਰ ਆਦਿ ਟਰੈਫਿਕ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ |
ਟਰੈਫਿਕ ਪੁਲਿਸ ਨੇ ਵੱਖ-ਵੱਖ ਚੌ ਕਾਂ 'ਚ ਟਰੈਫਿਕ ਜਾਮ ਦੇ ਸੁਧਾਰ ਲਈ ਕੀਤੇ ਪੁਖਤਾ ਪ੍ਰਬੰਧ <br/>
ਅਜੀਤ ਡੈਸਕ
04-12-2025