ਸੁਲਤਾਨਵਿੰਡ, 3 ਦਸੰਬਰ (ਗੁਰਨਾਮ ਸਿੰਘ ਬੁੱਟਰ)-ਪਿੰਡ ਸੁਲਤਾਨਵਿੰਡ ਦੇ ਫਲਾਈਓਵਰ ਪੁਲ ਕੋਟ ਮਿੱਤ ਸਿੰਘ ਵਿਖੇ ਵਿਆਹ ਤੋਂ ਆਪਣੇ ਘਰ ਵਾਪਸ ਪਰਤ ਰਹੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਪਿੱਛੋਂ ਤੇਜ਼ ਰਫਤਾਰ ਨਾਲ ਆ ਰਹੇ ਟਿੱਪਰ ਨੰਬਰ ਪੀਬੀ 10 ਜੀ.ਐੱਕਸ 4137 ਨੇ ਦਰੜ ਦਿੱਤਾ, ਜਿਸ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਮੌਕੇ ਮਿ੍ਤਕ ਦੇ ਭਰਾ ਜਗਵਿੰਦਰ ਸਿੰਘ ਵਾਸੀ ਕੋਟ ਖਾਲਸਾ ਅੰਮਿ੍ਤਸਰ ਨੇ ਦੱਸਿਆ ਕਿ ਮੇਰਾ ਛੋਟਾ ਭਰਾ ਗਗਨਦੀਪ ਸਿੰਘ ਪ੍ਰਾਈਵੇਟ ਨੌਕਰੀ ਕਰਦਾ ਸੀ ਜੋ ਸਾਡੇ ਕਿਸੇ ਰਿਸ਼ਤੇਦਾਰੀ ਵਿਚ ਤਰਨਤਾਰਨ ਤੋਂ ਵਿਆਹ ਦੇਖ ਕੇ ਵਾਪਸ ਆਪਣੇ ਘਰ ਨੂੰ ਪਰਤ ਰਿਹਾ ਸੀ, ਜਦ ਉਹ ਕੋਟ ਮਿੱਤ ਸਿੰਘ ਦੇ ਫਲਾਈਓਵਰ ਪੁਲ ਉਪਰ ਪਹੁੰਚਿਆ ਤਾਂ ਪਿੱਛੋਂ ਤੇਜ਼ ਰਫਤਾਰ ਨਾਲ ਆ ਰਹੇ ਟਿੱਪਰ ਨੇ ਉਸ ਨੂੰ ਮੋਟਰਸਾਈਕਲ ਸਮੇਤ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ ਜਗਵਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੇਰੇ ਭਰਾ ਗਗਨਦੀਪ ਸਿੰਘ ਨੂੰ ਟਿੱਪਰ ਥੱਲੇ ਦੇ ਕੇ ਮਾਰਨ ਵਾਲੇ ਡਰਾਈਵਰ ਨੂੰ ਸਖਤ ਸਜ਼ਾ ਦਿਵਾਈ ਜਾਵੇ | ਇਸ ਮੌਕੇ ਪੁਲਿਸ ਥਾਣਾ ਸੁਲਤਾਨਵਿੰਡ ਦੇ ਡਿਊਟੀ ਅਫਸਰ ਏ. ਐੱਸ. ਆਈ. ਵਿਕਰਮਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਦੱਸਿਆ ਹੈ ਕਿ ਟਿੱਪਰ ਅਤੇ ਡਰਾਈਵਰ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਮਿ੍ਤਕ ਗਗਨਦੀਪ ਸਿੰਘ ਦੇ ਪਰਿਵਾਰਕ ਮੈਂਬਰ ਜੋ ਬਿਆਨ ਪੁਲਿਸ ਕੋਲ ਦਰਜ ਕਰਵਾਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ |