ਤਰਨ ਤਾਰਨ, 16 ਜੂਨ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਟਿਊਬਵੈੱਲ ਤੋਂ ਮੋਟਰ ਦੀ ਤਾਰ ਚੋਰੀ ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਗੋਇੰਦਵਾਲ ਵਿਖੇ ਯਾਦਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਧੂੰਦਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੀ ਮੋਟਰ ਵਿਚ ਟਿਊਬਵੈਲ ਲੱਗਾ ਹੋਇਆ ਹੈ, ਟਿਊਬਵੈੱਲ ਤੇ ਬਿਜਲੀ ਦਾ ਬੱਲਬ ਲੱਗਾ ਹੋਇਆ ਹੈ | ਉਸਦੇ ਟਿਊਬਵੈੱਲ ਤੋਂ ਰਵਿੰਦਰ ਸਿੰਘ ਪੁੱਤਰ ਸ਼ਿੰਦਰ ਸਿੰਘ, ਧਰਮਵੀਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀਆਨ ਧੂੰਦਾ ਵਲੋਂ ਉਸਦੀ ਟਿਊਬਵੈਲ ਤੋਂ ਮੋਟਰ ਦੀ ਤਾਰ ਚੋਰੀ ਕਰ ਲਈ ਗਈ ਹੈ | ਜਾਂਚ ਅਧਿਕਾਰੀ ਏ.ਐੱਸ.ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਪਾਸੋਂ ਤਾਰ 12 ਮੀਟਰ ਬਿਜਲੀ ਦੀ ਤਾਰ ਬਰਾਮਦ ਕਰ ਲਈ ਹੈ |