ਪੱਟੀ, 16 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)-ਝੋਨੇ ਹੇਠ ਰਕਬਾ ਵੱਧਣ ਅਤੇ ਖੇਤੀ ਸੈਕਟਰ ਵਿਚ ਦਿਨ ਬ ਦਿਨ ਮਹਿਸੂਸ ਕੀਤੀ ਜਾ ਰਹੀ ਮਜ਼ਦੂਰਾਂ ਦੀ ਘਾਟ ਕਾਰਨ ਕਈ ਵਾਰ ਕੁਝ ਕਿਸਾਨ ਸਿਫਾਰਿਸ਼ ਸਮੇਂ ਤੋਂ ਪਹਿਲਾਂ ਹੀ ਝੋਨਾ ਲਗਾਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਜੋ ਲੇਬਰ ਨੂੰ ਹੱਥਾਂ ਵਿਚ ਕੀਤਾ ਜਾ ਸਕੇ | ਇਸ ਤਰ੍ਹਾਂ ਅਗੇਤਾ ਝੋਨਾ ਲਾਉਣ ਨਾਲ ਜਿੱਥੇ ਪਾਣੀ ਦਾ ਵੱਡਾ ਨੁਕਸਾਨ ਹੁੰਦਾ ਹੈ, ਉੱਥੇ ਫਸਲ ਦਾ ਝਾੜ ਵੀ ਘੱਟ ਜਾਂਦਾ ਹੈ, ਨਾਲ ਹੀ ਨਾਲ ਅਗੇਤੇ ਝੋਨੇ ਵਿਚ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਵੀ ਵੱਧ ਵੇਖਣ ਵਿਚ ਮਿਲਦੀ ਹੈ, ਜਿਸ ਦਾ ਵਾਧੂ ਆਰਥਿਕ ਬੋਝ ਕਿਸਾਨਾਂ ਦੀ ਜੇਬ 'ਤੇ ਪੈਂਦਾ ਹੈ | ਇਸ ਦੇ ਉਲਟ ਜੇਕਰ ਝੋਨੇ ਦੀ ਲਵਾਈ ਲੇਟ ਹੋ ਜਾਵੇ, ਤਾਂ ਇਸ ਵਿਚ ਨਮੀਂ ਦੀ ਮਾਤਰਾ ਵੱਧਣ ਅਤੇ ਕਣਕ ਦੀ ਬਿਜਾਈ ਲੇਟ ਹੋਣ ਦੀ ਚਿੰਤਾ ਸਤਾਉਂਦੀ ਹੈ | ਭਵਿੱਖ ਵਿਚ ਅਜਿਹੀ ਸਮੱਸਿਆ ਦੇ ਹੱਲ ਲਈ ਜਿੱਥੇ ਸਾਇੰਸਦਾਨ ਝੋਨੇ ਦੀ ਲਵਾਈ ਮਸ਼ੀਨਾਂ ਨਾਲ ਕਰਨ ਲਈ ਉਪਰਾਲੇ ਕਰ ਰਹੇ ਹਨ, ਉਥੇ ਇਨ੍ਹਾਂ ਮਸ਼ੀਨਾਂ ਤੇ ਸਮੈਮ ਸਕੀਮ ਤਹਿਤ ਪੰਜਾਬ ਸਰਕਾਰ 40 ਤੋਂ 50 ਪ੍ਰਤੀਸ਼ਤ ਸਬਸਿਡੀ ਦੇ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ. ਭੁਪਿੰਦਰ ਸਿੰਘ, ਮਨਮੋਹਨ ਸਿੰਘ ਏ.ਈ.ਓ. ਅਤੇ ਗੁਰਪ੍ਰੀਤ ਸਿੰਘ ਬੀ.ਟੀ.ਐੱਮ. ਨੇ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ. ਹਰਪਾਲ ਸਿੰਘ ਪੰਨੂੰ ਦੇ ਦਿਸ਼ਾ ਨਿਰਦੇਸ਼ ਤਹਿਤ ਪਿੰਡ ਕੋਟ ਬੁੱਢਾ ਵਿਖੇ ਮਸ਼ੀਨ ਦੁਆਰਾ ਝੋਨੇ ਦੀ ਲਵਾਈ ਦਾ ਨਿਰੀਖਣ ਕਰਨ ਮੌਕੇ ਕੀਤਾ | ਪਹਿਲੀ ਵਾਰ ਪਿੰਡ ਬੰਗਲਾ ਰਾਏ ਅਤੇ ਕੋਟ ਬੁੱਢਾ ਵਿਖੇ ਲਗਪਗ 240 ਏਕੜ ਵਿਚ ਮਸ਼ੀਨ ਨਾਲ ਝੋਨੇ, ਬਾਸਮਤੀ ਦੀ ਲਵਾਈ ਕਰ ਰਹੇ, ਪਿੰਡ ਬੰਗਲਾ ਰਾਏ ਦੇ ਅੰਗਰੇਜ਼ ਸਿੰਘ ਹੈਪੀ ਅਤੇ ਗੁਰਤੇਜ ਸਿੰਘ ਦਾ ਮੰਨਣਾ ਹੈ ਕਿ ਝੋਨੇ ਦੀ ਮਸ਼ੀਨੀ ਲਵਾਈ ਬਹੁਤ ਆਸਾਨੀ ਨਾਲ ਹੋ ਜਾਂਦੀ ਹੈ, ਪਰ ਇਸ ਦੀ ਸਫ਼ਲਤਾ ਲਈ ਸਹੀ ਤਰੀਕੇ ਨਾਲ ਪਨੀਰੀ ਤਿਆਰ ਕਰਨ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਜਿਸ ਖੇਤ ਵਿਚ ਪਨੀਰੀ ਤਿਆਰ ਕਰਨੀ ਹੈ, ਉਸ ਖੇਤ ਦੀ ਮਿੱਟੀ ਰੋਟਾਵੇਟਰ ਫੇਰ ਕੇ ਬਰੀਕ ਕੀਤੀ ਜਾਂਦੀ ਹੈ | ਪਨੀਰੀ ਵਾਲਾ ਅਤੇ ਜਿਸ ਖੇਤ ਵਿਚ ਮਸ਼ੀਨ ਨਾਲ ਲਵਾਈ ਕਰਨੀ ਹੈ, ਉਸ ਖੇਤ ਨੂੰ ਲੇਜ਼ਰ ਲੈਵਲਰ ਨਾਲ ਇਕਸਾਰ ਪੱਧਰਾ ਕਰਨਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਮਸ਼ੀਨ ਨਾਲ ਔਸਤਨ 10 ਏਕੜ ਪ੍ਰਤੀ ਦਿਨ ਲਵਾਈ ਹੋ ਜਾਂਦੀ ਹੈ, ਜਿਸ ਨਾਲ ਲੇਬਰ ਅਤੇ ਸਮੇਂ ਦੀ ਬਹੁਤ ਵੱਡੀ ਬੱਚਤ ਹੁੰਦੀ ਹੈ | ਖੇਤ ਵਿਚ ਬੂਟਿਆਂ ਦੀ ਇਕਸਾਰ ਲਵਾਈ ਅਤੇ ਗਿਣਤੀ ਵੱਧ ਹੋਣ ਕਰਕੇ ਫਸਲ ਦਾ ਝਾੜ ਵੀ ਵੱਧ ਨਿਕਲਣ ਦੀ ਸੰਭਾਵਨਾ ਰਹਿੰਦੀ ਹੈ | ਨਿਰੀਖਣ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਉਦਮੀ ਕਿਸਾਨ, ਸਮੂਹ ਅਤੇ ਸੁਸਾਇਟੀਆਂ ਇਸ ਤਕਨੀਕ ਸੰਬੰਧੀ ਸਿੱਖਿਅਤ ਹੋ ਕੇ ਝੋਨੇ ਦੀ ਲਵਾਈ ਵਾਲੀਆਂ ਮਸ਼ੀਨਾਂ ਨੂੰ ਲਾਹੇਵੰਦ ਤਰੀਕੇ ਨਾਲ ਕਿਰਾਏ 'ਤੇ ਚਲਾ ਸਕਦੀਆਂ ਹਨ | ਇਸ ਨਾਲ ਜਿੱਥੇ ਪਿੰਡ ਦੇ ਦੂਜੇ ਕਿਸਾਨਾਂ ਨੂੰ ਫਾਇਦਾ ਹੋਵੇਗਾ, ਉਸ ਦੇ ਨਾਲ ਹੀ ਇਹ ਆਮਦਨ ਦਾ ਜ਼ਰੀਆ ਵੀ ਬਣ ਸਕਦੀਆਂ ਹਨ | ਇਸ ਮੌਕੇ ਬਲਰਾਜ ਸਿੰਘ ਖੇਤੀ ਉਪ ਨਿਰੀਖਕ, ਗੁਰਦੇਵ ਸਿੰਘ ਖੇਤੀ ਤਕਨੀਕੀ ਪ੍ਰਬੰਧਕ, ਗੁਰਲਾਲ ਸਿੰਘ ਫੀਲਡ ਵਰਕਰ, ਜਗਤਾਰ ਸਿੰਘ ਤੇ ਪ੍ਰਭਦੀਪ ਸਿੰਘ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ |