ਤਰਨ ਤਾਰਨ, 17 ਜੂਨ (ਇਕਬਾਲ ਸਿੰਘ ਸੋਢੀ)-ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਹਰਮਨਦੀਪ ਸਿੰਘ ਸਰਹਾਲੀ, ਗੁਰਜੀਤ ਸਿੰਘ, ਵਿਰਸਾ ਸਿੰਘ ਬਹਿਲਾ, ਕਾਬਲ ਸਿੰਘ ਨੇ ਕਿਹਾ ਕਿ ਅਮਰੀਕਾ-ਇਜ਼ਰਾਈਲ ਦੇ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਧਾਰਮਿਕ ਨਫਰਤਾਂ ਤਹਿਤ ਨਿਰਦੋਸ਼ ਲੋਕਾਈ ਦਾ ਕਤਲੇਆਮ ਬੰਦ ਕਰਨ, ਪ੍ਰਮਾਤਮਾ ਤੋਂ ਡਰਨ, ਸ਼ੁੱਭ ਅਮਲਾਂ ਦਾ ਰਾਹ ਅਪਣਾਉਣ | ਉਨ੍ਹਾਂ ਕਿਹਾ ਕਿ ਸਾਰੀ ਦੁਨੀਆ ਦੇ ਹਾਕਮਾਂ ਨੂੰ ਕਰਤਾਰਪੁਰ ਸਾਹਿਬ ਦਾ ਸੰਦੇਸ਼ ਸੁਣਨਾ ਚਾਹੀਦਾ ਹੈ, ਸੰਵਾਦ ਰਚਾਉਣਾ ਚਾਹੀਦਾ ਹੈ ਅਤੇ ਸਰਬੱਤ ਦੇ ਭਲੇ ਦਾ ਰਾਹ ਅਪਣਾਉਣਾ ਚਾਹੀਦਾ ਹੈ | ਉਨ੍ਹਾ ਕਿਹਾ ਕਿ ਇਸ ਸਮੇਂ ਹੰਕਾਰ, ਗੁੰਡਾਗਰਦੀ ਤੇ ਅੱਤਵਾਦ ਦਾ ਸਿਖਰ ਹੈ | ਫਲਸਤੀਨ ਅੰਦਰ 60 ਹਜ਼ਾਰ ਲੋਕਾਂ ਦਾ ਕਤਲੇਆਮ ਹੋ ਜਾਂਦਾ ਹੈ, ਜਿਸ ਵਿਚ ਬਹੁਤਾਂਤ ਔਰਤਾਂ ਅਤੇ ਬੱਚੇ ਸ਼ਾਮਿਲ ਹਨ, ਪਰ ਯੂ.ਐੱਨ.ਓ. ਵਰਗੀ ਸੰਸਥਾ ਨੂੰ ਕੋਈ ਪੁੱਛਦਾ ਨਹੀਂ ਹੈ ਅਤੇ ਯੂ.ਐੱਨ.ਓ. ਸੁਰੱਖਿਆ ਕਮੇਟੀ ਜਾਂ ਮਾਨਵਤਾ ਦੇ ਕਤਲੇਆਮ ਉੱਪਰ ਤਮਾਸ਼ਬੀਨ ਬਣ ਜਾਂਦੀ ਹੈ | ਹੈਰਾਨੀ ਦੀ ਗੱਲ ਹੈ ਕਿ ਇਜ਼ਰਾਈਲ ਆਪ ਐਟਮਬੰਬ ਰੱਖ ਕੇ ਇਰਾਨ ਨੂੰ ਐਟਮੀਸ਼ਕਤੀ ਨਾ ਬਣਨ ਦੇਣ ਲਈ ਘੋਰ ਅਪਰਾਧ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਅਮਰੀਕਾਂ ਨੇ ਇਰਾਕ ਦੇ ਰਾਸ਼ਟਰਪਤੀ ਨੂੰ ਇਹ ਕਹਿ ਕੇ ਫਾਂਸੀ ਚੜਵਾ ਦਿੱਤਾ ਸੀ ਕਿ ਸਦਾਮ ਹੂਸੈਨ ਕੋਲ ਰਸਾਇਣਿਕ ਹਥਿਆਰ ਹਨ, ਪਰ ਕੋਈ ਰਸਾਇਣਿਕ ਹਥਿਆਰ ਨਾ ਲੱਭਾ | ਅਮਰੀਕਾ ਇਜ਼ਰਾਈਲ ਨੂੰ ਜੰਗ ਬੰਦ ਕਰਕੇ ਇਰਾਨ ਨਾਲ ਸੰਵਾਦ ਰਚਾਉਣਾ ਚਾਹੀਦਾ ਹੈ | ਗਾਜਾਪੱਟੀ ਵਿਚੋੋਂ ਇਜ਼ਰਾਈਲੀ ਫੌਜਾਂ ਦੀ ਵਾਪਸੀ ਹੋ ਕੇ ਬੇਗੁਨਾਹ ਲੋਕਾਂ ਦਾ ਕਤਲੇਆਮ ਬੰਦ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਮਰੀਕਾ-ਇਜ਼ਰਾਈਲ ਨੂੰ ਜੰਗ ਬੰਦ ਕਰਨ ਦਾ ਸੰਦੇਸ਼ ਦੇਣ ਚਾਹੀਦਾ ਹੈ ਅਤੇ ਹਜ਼ਾਰਾਂ ਨਿਰਦੋਸ਼ ਲੋਕਾਂ ਦੇ ਕਤਲੇਆਮ ਬੰਦ ਕਰਨ ਲਈ ਕਹਿਣਾ ਚਾਹੀਦਾ ਹੈ |