ਤਰਨ ਤਾਰਨ, 17 ਜੂਨ (ਇਕਬਾਲ ਸਿੰਘ ਸੋਢੀ)-ਜਵਾਹਰ ਨਵੋਦਿਆ ਵਿਦਿਆਲਿਆ ਗੋਇੰਦਵਾਲ ਸਾਹਿਬ ਵਿਚ 6ਵੀਂ ਜਮਾਤ ਲਈ ਸਾਲ 2026-27 ਦੀ ਚੋਣ ਪ੍ਰੀਖਿਆ 13 ਦਸੰਬਰ 2025 ਨੂੰ ਜ਼ਿਲ੍ਹੇ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿਚ ਹੋਣੀ ਹੈ, ਜਿਸ ਦੇ ਲਈ ਚਾਹਵਾਨ ਅਤੇ ਯੋਗ ਉਮੀਦਵਾਰਾਂ ਤੋਂ ਬਿਨੈ-ਪੱਤਰ ਆਨਲਾਈਨ ਮੰਗੇ ਗਏ ਹਨ | ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਨੈ ਕਰਨ ਦੀ ਆਖ਼ਰੀ ਮਿਤੀ 29 ਜੁਲਾਈ 2025 ਹੈ | ਉਨ੍ਹਾਂ ਦੱਸਿਆ ਕਿ ਚਾਹਵਾਨ ਵਿਦਿਆਰਥੀ ਆਪਣੀ ਮੁਫ਼ਤ ਰਜਿਸਟ੍ਰੇਸ਼ਨ ਪੋਰਟਲ 'ਤੇ ਕਰ ਸਕਦੇ ਹਨ | ਸ੍ਰੀ ਰਾਹੁਲ ਨੇ ਦੱਸਿਆ ਕਿ ਪ੍ਰੀਖਿਆ ਲਈ ਕੇਵਲ ਓਹੀ ਵਿਦਿਆਰਥੀ ਯੋਗ ਹੋਣਗੇ, ਜੋ ਜ਼ਿਲ੍ਹਾ ਤਰਨ ਤਾਰਨ ਦੇ ਸਥਾਈ ਨਿਵਾਸੀ ਹਨ | ਵਿਦਿਆਰਥੀ ਨੂੰ ਆਪਣੇ ਨਵੇਂ ਫ਼ੋਟੋ, ਹਸਤਾਖ਼ਰ, ਮਾਤਾ-ਪਿਤਾ ਦੇ ਹਸਤਾਖ਼ਰ ਅਤੇ ਆਧਾਰ ਕਾਰਡ ਦਾ ਵੇਰਵਾ, ਰਿਹਾਇਸ਼ੀ ਪ੍ਰਮਾਣ ਪੱਤਰ ਜੇ.ਪੀ.ਜੀ. ਫਾਰਮੈਟ, ਜਿਸ ਦਾ ਆਕਾਰ 10 ਤੋਂ 100 ਕੇ.ਬੀ. ਤੋਂ ਵੱਧ ਨਾ ਹੋਵੇ, ਤਿਆਰ ਕਰਕੇ ਪੋਰਟਲ 'ਤੇ ਅਪਲੋਡ ਕਰਨਾ ਹੋਵੇਗਾ | ਉਨ੍ਹਾਂ ਦੱਸਿਆ ਕਿ ਵਿਦਿਆਰਥੀ ਮੌਜੂਦਾ ਸਮੇਂ (2025-26) ਵਿਚ 5ਵੀਂ ਕਲਾਸ ਵਿਚ ਜ਼ਿਲ੍ਹਾ ਤਰਨ ਤਾਰਨ ਵਿਚ ਪੜ੍ਹ ਰਿਹਾ ਹੋਵੇ ਅਤੇ ਜ਼ਿਲ੍ਹੇ ਦਾ ਸਥਾਈ ਨਿਵਾਸੀ ਹੋਵੇ | ਉਸ ਨੇ ਪਿਛਲੇ ਸਾਲਾਂ ਵਿਚ ਤੀਜੀ ਕਲਾਸ (2023-24) ਅਤੇ ਚੌਥੀ (2024-25) ਲਗਾਤਾਰ ਪੂਰੀ ਤਰ੍ਹਾਂ ਵਿੱਦਿਅਕ ਪੱਧਰ ਵਿਚ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲ, ਨੈਸ਼ਨਲ ਓਪਨ ਸਕੂਲਿੰਗ ਜਾਂ ਸਰਵ ਸਿੱਖਿਆ ਅਭਿਆਨ ਤਹਿਤ ਪਾਸ ਕੀਤੀ ਹੋਵੇ | ਉਨ੍ਹਾਂ ਦੱਸਿਆ ਕਿ ਜਿਸ ਵਿਦਿਆਰਥੀ ਨੇ ਪਹਿਲਾਂ ਇਹ ਪ੍ਰੀਖਿਆ ਦਿੱਤੀ ਹੈ, ਉਹ ਪ੍ਰੀਖਿਆ ਵਿਚ ਦੂਜੀ ਵਾਰੀ ਬੈਠਣਯੋਗ ਨਹੀਂ ਹੋਵੇਗਾ | ਵਿਦਿਆਰਥੀ ਦਾ ਜਨਮ 01.05.2014 ਤੋਂ 31.07.2016 (ਦੋਵੇਂ ਮਿਤੀਆਂ ਸ਼ਾਮਿਲ) ਦਰਮਿਆਨ ਹੋਇਆ ਹੋਵੇ | ਜੇਕਰ ਕਿਸੇ ਬਿਨੈਕਾਰ ਨੂੰ ਦਾਖ਼ਲਾ ਫਾਰਮ ਭਰਨ 'ਚ ਮੁਸ਼ਕਿਲ ਆਉਂਦੀ ਹੈ ਤਾਂ ਜਵਾਹਰ ਨਵੋਦਿਆ ਵਿਦਿਆਲਿਆ ਗੋਇੰਦਵਾਲ ਸਾਹਿਬ ਤਰਨ ਤਾਰਨ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ, ਕਿਉਂਕਿ ਜਵਾਹਰ ਨਵੋਦਿਆ ਵਿਦਿਆਲਿਆ ਗੋਇੰਦਵਾਲ ਸਾਹਿਬ ਜਿੱਥੇ ਆਧੁਨਿਕ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ, ਉਥੇ ਹੋਸਟਲ ਦੀ ਸਹੂਲਤ ਵੀ ਉਪਲੱਬਧ ਹੈ |