ਤਰਨ ਤਾਰਨ, 17 ਜੂਨ (ਹਰਿੰਦਰ ਸਿੰਘ)-ਮਾਰਕੀਟ ਕਮੇਟੀ ਤਰਨ ਤਾਰਨ ਦੇ ਚੇਅਰਮੈਨ ਡਾ. ਕੁਲਦੀਪ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਤਰਨ ਤਾਰਨ ਦੀ ਦਾਣਾ ਮੰਡੀ ਵਿਚ ਮੱਕੀ ਦੀ ਖਰੀਦ ਨਿਰਵਿਘਨ ਜਾਰੀ ਹੈ | ਮੰਡੀ ਵਿਚ ਆਉਣ ਵਾਲੇ ਕਿਸਾਨਾਂ ਨੂੰ ਪਾਣੀ, ਬੈਠਣ ਲਈ ਅਤੇ ਹੋਰ ਸਹੂਲਤਾਂ ਦੇਣ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਮੰਡੀ ਵਿਚ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ | 'ਆਪ' ਆਗੂ ਅਤੇ ਚੇਅਰਮੈਨ ਡਾ. ਰੰਧਾਵਾ ਨੇ ਪਿੰਡ ਗੋਹਲਵੜ੍ਹ ਦੀ ਪੰਚਾਇਤ ਦੇ ਇਕ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦੇ ਚੰਗੇ ਨਤੀਜੇ ਮਿਲ ਰਹੇ ਹਨ ਅਤੇ ਲੋਕ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਤੋਂ ਖੁਸ਼ ਹਨ | ਇਸ ਮੌਕੇ ਮੰਡੀ ਸੁਪਰਵਾਈਜ਼ਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਲਗਪਗ 35 ਹਜ਼ਾਰ ਬੋਰੀਆਂ ਮੱਕੀ ਦੀ ਖਰੀਦ ਹੋ ਚੁੱਕੀ ਹੈ ਅਤੇ ਮੰਡੀ ਵਿਚ ਲਗਾਤਾਰ ਮੱਕੀ ਪਹੁੰਚ ਰਹੀ ਹੈ | ਉਨ੍ਹਾਂ ਨੇ ਕਿਸਾਨਾਂ ਨੂੰ ਮੱਕੀ ਸੁਕਾ ਕੇ ਮੰਡੀ ਵਿਚ ਲਿਆਉਣ ਦੀ ਸਲਾਹ ਦਿੱਤੀ ਹੈ, ਤਾਂ ਜੋ ਵਧੇਰੇ ਮੁੱਲ ਮਿਲ ਸਕੇ | ਇਸ ਮੌਕੇ 'ਆਪ' ਆਗੂ ਸਰਪੰਚ ਕਸ਼ਮੀਰ ਸਿੰਘ, ਬਲਜੀਤ ਸਿੰਘ, ਸੁਬੇਗ ਸਿੰਘ, ਸੁਰਜੀਤ ਸਿੰਘ, ਰਣਜੀਤ ਸਿੰਘ, ਦਿਲਬਾਗ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |