ਤਰਨ ਤਾਰਨ, 17 ਜੂਨ (ਹਰਿੰਦਰ ਸਿੰਘ)-ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਔਲਖ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਖ਼ੁਰਾਕ ਸੁਰੱਖਿਆ ਵਿੰਗ ਵਲੋਂ ਸੋਮਵਾਰ ਅਤੇ ਮੰਗਲਵਾਰ ਨੂੰ ਤਰਨ ਤਾਰਨ ਸ਼ਹਿਰ ਤੋਂ ਇਲਾਵਾ ਵੱਖ-ਵੱਖ ਕਸਬਿਆਂ ਅਤੇ ਪਿੰਡਾਂ ਦੇ ਵਿਚ ਡੇਅਰੀਆਂ, ਦੁੱਧ ਢੋਣ ਵਾਲੇ ਵਾਹਨਾ ਅਤੇ ਫਾਸਟ ਫੂਡ ਵੇਚਣ ਵਾਲੀਆਂ ਦੁਕਾਨਾਂ ਦੀ ਜਾਂਚ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲ੍ਹੇ ਦੇ ਨਾਗਰਿਕਾਂ ਦੀ ਚੰਗੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਦੇ ਖੁਰਾਕ ਸੁਰੱਖਿਆ ਵਿੰਗ ਵਲੋਂ ਖਾਣ-ਪੀਣ ਦੀਆਂ ਵਸਤੂਆਂ ਵੇਚਣ ਵਾਲੀਆਂ ਦੁਕਾਨਾਂ ਅਤੇ ਰੇਹੜੀਆਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਇਸੇ ਲੜੀ ਤਹਿਤ ਵਿੰਗ ਵਲੋਂ ਡੇਅਰੀਆਂ ਅਤੇ ਖਾਣ-ਪੀਣ ਦੀਆਂ ਵਸਤੂਆਂ ਵੇਚਣ ਵਾਲੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ | ਉਨ੍ਹਾਂ ਕਿਹਾ ਕਿ ਨਾਗਰਿਕਾਂ ਦੀ ਸਿਹਤ ਨਾਲ ਖ਼ਿਲਵਾੜ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਦੁਕਾਨਦਾਰ ਜਾਂ ਫਿਰ ਡੇਅਰੀ ਮਾਲਕ ਘੱਟੀਆ ਪੱਧਰ ਦਾ ਸਮਾਨ ਵੇਚਦੇ ਪਾਇਆ ਜਾਵੇਗਾ, ਤਾਂ ਉਸ ਵਿਰੁੱਧ ਢੁੱਕਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਜ਼ਿਲ੍ਹਾ ਸਿਹਤ ਅਫਸਰ ਡਾ. ਸੁਖਬੀਰ ਕੌਰ ਨੇ ਦੱਸਿਆ ਕਿ ਖੁਰਾਕ ਸੁਰੱਖਿਆ ਵਿੰਗ ਵਲੋਂ ਤਰਨ ਤਾਰਨ ਸ਼ਹਿਰ ਤੋਂ ਇਲਾਵਾ ਜ਼ਿਲ੍ਹੇ ਦੇ ਪਿੰਡ ਕਾਲਵਾਂ, ਦਿਲਾਵਲੀਪੁਰ, ਭੱਠਲ, ਚੋਹਲਾ ਸਾਹਿਬ, ਡੇਰਾ ਸਾਹਿਬ, ਘੜਕਾ, ਚੰਬਾ, ਧੱਤਲ, ਗੰਡੀਵਿੰਡ, ਨੌਸ਼ਹਿਰਾ ਪੰਨੂਆਂ ਵਿਖੇ ਡੇਅਰੀਆਂ ਅਤੇ ਦੁੱਧ ਢੋਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਗਈ | ਉਨ੍ਹਾਂ ਦੱਸਿਆ ਕਿ ਖੁਰਾਕ ਸੁਰੱਖਿਆ ਵਿੰਗ ਵਲੋਂ ਦੁੱਧ, ਦਹੀਂ, ਪਨੀਰ, ਦੇਸੀ ਘਿਓ, ਵੇਸਨ ਦੀ ਬਰਫੀ ਤੇ ਰਸ ਮਲਾਈ ਦੇ 25 ਸੈਂਪਲ ਅਗਲੇਰੀ ਜਾਂਚ ਲਈ ਖਰੜ ਲੈਬੋਰੇਟਰੀ ਵਿਖੇ ਭੇਜੇ ਗਏ ਹਨ | ਉਨ੍ਹਾਂ ਦੱਸਿਆ ਕਿ ਡੇਅਰੀਆਂ ਤੋਂ ਇਲਾਵਾ ਫਾਸਟ ਫੂਡ ਸਮਾਨ ਵੇਚਣ ਵਾਲੀਆਂ ਦੁਕਾਨਾਂ ਦੀ ਵੀ ਜਾਂਚ ਕੀਤੀ ਗਈ ਅਤੇ ਟੀਮ ਵਲੋਂ ਸਪਰਿੰਗ ਰੋਲ ਦੇ 2 ਸੈਂਪਲ ਵੀ ਲੈਬੋਰੇਟਰੀ ਵਿਖੇ ਜਾਂਚ ਲਈ ਭੇਜੇ ਗਏ ਹਨ | ਜ਼ਿਲ੍ਹਾ ਸਿਹਤ ਅਫਸਰ ਡਾ.ਸੁਖਬੀਰ ਕੌਰ ਨੇ ਦੱਸਿਆ ਕਿ ਜਾਂਚ ਦੌਰਾਨ ਖੁਰਾਕ ਸੁਰੱਖਿਆ ਵਿੰਗ ਦੀ ਟੀਮ ਵਲੋਂ ਇਕ ਡੇਅਰੀ ਮਾਲਕ ਨੂੰ ਸੁਧਾਰ ਨੋਟਿਸ ਜਾਰੀ ਕਰਦਿਆਂ ਸਾਫ਼-ਸਫ਼ਾਈ ਦੇ ਸਾਰੇ ਮਾਪਦੰਡਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ | ਡਾ. ਸੁਖਬੀਰ ਕੌਰ ਨੇ ਕਿਹਾ ਕਿ ਮੌਜੂਦਾ ਮੌਸਮ ਧਿਆਨ ਵਿਚ ਰੱਖਦਿਆਂ ਡੇਅਰੀ ਮਾਲਕਾਂ ਅਤੇ ਦੁਕਾਨਦਾਰਾਂ ਨੂੰ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਦੀ ਹਦਾਇਤ ਕੀਤੀ ਗਈ ਕਿ ਕੰਮ ਕਾਜ ਵਾਲੇ ਸਥਾਨ ਤੇ ਪਾਣੀ ਨੂੰ ਇਕੱਠਾ ਨਾ ਹੋਣ ਦੇਣ ਤਾਂ ਜੋ ਮੱਖੀ ਮੱਛਰ ਦੇ ਪੈਦਾ ਹੋਣ ਦਾ ਖਦਸਾ ਨਾ ਬਣੇ | ਇਸ ਮੌਕੇ ਫੂਡ ਸੇਫਟੀ ਅਫ਼ਸਰ ਸਾਕਸ਼ੀ ਖੋਸਲਾ ਅਤੇ ਅਸ਼ਵਨੀ ਕੁਮਾਰ ਵੀ ਮੌਜੂਦ ਸਨ |