ਤਰਨ ਤਾਰਨ, 17 ਜੂਨ (ਇਕਬਾਲ ਸਿੰਘ ਸੋਢੀ)-ਕਮਿਊਨਿਸਟ ਪਾਰਟੀਆਂ ਦੇ ਸੱਦੇ 'ਤੇ ਮਜ਼ਲੂਮ ਫ਼ਲਸਤੀਨੀਆਂ ਦੇ ਹੱਕ ਵਿਚ ਅਤੇ ਇਜ਼ਰਾਈਲ-ਅਮਰੀਕਾ ਦੇ ਵਿਰੁੱਧ ਤਰਨ ਤਾਰਨ ਦੇ ਕਮਿਊਨਿਸਟ ਵਰਕਰਾਂ ਵਲੋਂ ਗਾਂਧੀ ਪਾਰਕ ਵਿਚ ਰੈਲੀ ਕਰਕੇ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ | ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਕਾਮਰੇਡ ਮੁਖਤਿਆਰ ਸਿੰਘ ਮੱਲਾ, ਦਵਿੰਦਰ ਸੋਹਲ, ਦਲਵਿੰਦਰ ਪੰਨੂੰ ਤੇ ਹੀਰਾ ਸਿੰਘ ਕੰਡਿਆਂ ਵਾਲਾ ਨੇ ਕਿਹਾ ਪਹਿਲਾਂ ਸਾਮਰਾਜੀ ਸ਼ਕਤੀਆਂ ਨੇ ਧੱਕੇ ਨਾਲ ਫ਼ਲਸਤੀਨ ਦੀ ਜਗ੍ਹਾ 'ਤੇ ਇਜ਼ਰਾਈਲ ਨੂੰ ਵਸਾਇਆ, ਫਿਰ ਸਾਮਰਾਜੀ ਮੁਲਕਾਂ ਦੀ ਸ਼ਹਿ 'ਤੇ ਇਜ਼ਰਾਈਲ ਨੇ ਲਗਾਤਾਰ ਫ਼ਲਸਤੀਨੀਆਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰਦਾ ਰਿਹਾ | ਹੁਣ ਪਿਛਲੇ ਸਮੇਂ ਵਿਚ ਲਗਪਗ 55 ਹਜ਼ਾਰ ਮਾਸੂਮ ਫ਼ਲਸਤੀਨੀਆਂ ਦਾ ਕਤਲੇਆਮ ਕਰ ਦਿੱਤਾ ਗਿਆ ਹੈ | ਬੱਚੇ, ਬਜ਼ੁਰਗ ਤੇ ਔਰਤਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ | ਹੁਣ ਫ਼ਲਸਤੀਨੀਆਂ ਨੂੰ ਭੋਜਨ ਤੇ ਪਾਣੀ ਦੀ ਥੁੜ ਨਾਲ ਮਾਰਿਆ ਜਾ ਰਿਹਾ | ਅਮਰੀਕਾ ਤੇ ਹੋਰ ਸਾਮਰਾਜੀ ਦੇਸ਼ ਇਜ਼ਰਾਈਲ ਦੀ ਮਦਦ ਕਰ ਰਹੇ ਹਨ | ਹੁਣ ਤੀਜੀ ਵੱਡੀ ਜੰਗ ਦਾ ਖ਼ਤਰਾ ਪੈਦਾ ਹੋ ਗਿਆ ਹੈ, ਜਿਸ ਨਾਲ ਦੁਨੀਆ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ | ਅੱਜ ਸੰਸਾਰ ਪੂੰਜੀਵਾਦ ਮੰਦੀ ਦੇ ਦੌਰ ਵਿਚ ਹੈ, ਬੇਰੁਜ਼ਗਾਰੀ ਤੇ ਭੱੁਖਮਰੀ ਲਗਾਤਾਰ ਵਧ ਰਹੀ ਹੈ | ਕਾਮਰੇਡਾਂ ਵਲੋਂ ਇਜ਼ਰਾਈਲੀ ਤੇ ਅਮਰੀਕਾ ਸਾਮਰਾਜ ਮੁਰਦਾਬਾਦ ਦੇ ਨਾਅਰੇ ਲਾਏ | ਇਸ ਮੌਕੇ ਭਾਰਤ ਸਰਕਾਰ ਤੋਂ ਵੀ ਮੰਗ ਕੀਤੀ ਗਈ ਉਹ ਭਾਰਤ ਦੇ ਪੁਰਾਣੇ ਸੰਸਕਾਰਾਂ ਨੂੰ ਕਾਇਮ ਰੱਖਦਿਆਂ ਮਜ਼ਲੂਮ ਫ਼ਲਸਤੀਨੀਆਂ ਦੀ ਮਦਦ ਕੀਤੀ ਜਾਵੇ | ਇਸ ਮੌਕੇ ਚਮਨ ਲਾਲ ਦਰਾਜਕੇ, ਇਸਤਰੀ ਸਭਾ ਦੀ ਪ੍ਰਧਾਨ ਰਾਜਿੰਦਰਪਾਲ ਕੌਰ, ਬਲਜਿੰਦਰ ਸਿੰਘ ਗੋਹਲਵੜ, ਰਾਜ ਕੌਰ, ਗੁਰਦਿਆਲ ਸਿੰਘ ਖਡੂਰ ਸਾਹਿਬ, ਦਲਜੀਤ ਸਿੰਘ ਤੇ ਬਲਕਾਰ ਸਿੰਘ ਵਲਟੋਹਾ ਨੇ ਵੀ ਸੰਬੋਧਨ ਕੀਤਾ |