ਤਰਨ ਤਾਰਨ, 18 ਜੂਨ (ਪਰਮਜੀਤ ਜੋਸ਼ੀ)-ਗੋਇੰਦਵਾਲ ਜੇਲ੍ਹ ਵਿਚ ਚੈਕਿੰਗ ਦੌਰਾਨ 10 ਮੋਬਾਈਲ ਫ਼ੋਨ ਤੋਂ ਇਲਾਵਾ ਹੋਰ ਸਮਾਨ ਮਿਲਣ 'ਤੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਗੋਇੰਦਵਾਲ ਪੁਲਿਸ ਨੇ ਤਿੰਨ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਗੋਇੰਦਵਾਲ ਵਿਖੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਹੰਸ ਰਾਜ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਕਿ ਜੇਲ੍ਹ ਦੀ ਚੈਕਿੰਗ ਦੌਰਾਨ ਜੇਲ੍ਹ ਦੀ ਵਾਰਡ ਨੰਬਰ-10 ਦੀ ਬੈਰਕ ਨੰਬਰ 4 ਵਿਚ ਬੰਦ ਹਵਾਲਾਤੀ ਲਵਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪੰਜਵੜ ਪਾਸੋਂ ਇਕ ਕੀਪੈਡ ਮੋਬਾਈਲ ਫ਼ੋਨ, ਹਵਾਲਾਤੀ ਵਰਿੰਦਰ ਕੁਮਾਰ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਦਿਆਲਪੁਰ ਪਾਸੋਂ ਇਕ ਟੱਚ ਸਕਰੀਨ ਮੋਬਾਈਲ ਫ਼ੋਨ, ਹਵਾਲਾਤੀ ਜੋਬਨਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਖੁਵਾਸਪੁਰ ਪਾਸੋਂ ਇਕ ਟੱਚ ਸਕਰੀਨ ਅਤੇ ਇਕ ਕੀਪੈਡ ਮੋਬਾਈਲ ਫੋਨ ਬਰਾਮਦ ਹੋਏ ਹਨ | ਇਸੇ ਤਰ੍ਹਾਂ ਜੇਲ੍ਹ ਦੀ ਚੈਕਿੰਗ ਦੌਰਾਨ ਟਾਵਰ ਨੰਬਰ 14 ਦੇ ਨਜ਼ਦੀਕ ਤੋਂ 6 ਪੈਕੇਟ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਜਦੋਂ ਖੋਲ ਕੇ ਚੈੱਕ ਕੀਤਾ ਗਿਆ ਤਾਂ ਉਨ੍ਹਾਂ ਵਿਚੋਂ 7 ਕੀਪੈਡ ਮੋਬਾਈਲ ਫ਼ੋਨ, 2 ਅਡੱਪਟਰ, 4 ਈਅਰਫੋਨ, 5 ਡਾਟਾ ਕੇਬਲ, 7 ਮੋਬਾਈਲ ਚਾਰਜ ਸਨ ਬਰਾਮਦ ਹੋਏ ਹਨ | ਥਾਣਾ ਗੋਇੰਦਵਾਲ ਦੇ ਏ.ਐੱਸ.ਆਈ. ਜਸਬੀਰ ਸਿੰਘ ਅਤੇ ਗੁਰਦੇਵ ਸਿੰਘ ਵਲੋਂ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ, ਕਿ ਜੇਲ੍ਹ ਵਿਚ ਇਹ ਮੋਬਾਈਲ ਫ਼ੋਨ ਕਿਸ ਤਰ੍ਹਾਂ ਪਹੁੰਚੇ |