ਤਰਨ ਤਾਰਨ, 18 ਜੂਨ (ਇਕਬਾਲ ਸਿੰਘ ਸੋਢੀ)-ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੀ ਰਹਿਨੁਮਾਈ ਹੇਠ ਕੌਮੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਭਾਰਤ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਰਾਜੇਸ਼ ਕੁਮਾਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਤਰਨ ਤਾਰਨ ਦੀ ਅਗਵਾਈ ਹੇਠ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਰੋਕੂ 'ਤੇ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਜਨਤਕ ਥਾਵਾਂ 'ਤੇ ਚੈਕਿੰਗ ਕੀਤੀ ਗਈ, ਜਿਸ ਦੌਰਾਨ ਬਾਲ ਭਿੱਖਿਆਂ ਮੰਗਣ ਵਾਲੇ ਬੱਚਿਆਂ ਦੀ ਭਾਲ ਕੀਤੀ ਗਈ | ਇਸ ਦੌਰਾਨ ਕੁੱਲ ਦੋ ਬੱਚੇ ਰੇਸਕਿਊ ਕੀਤੇ ਗਏ ਅਤੇ ਮਿਲੇ ਬੱਚਿਆਂ ਦੇ ਪਰਿਵਾਰ ਨਾਲ ਤਾਲਮੇਲ ਕੀਤਾ ਗਿਆ ਅਤੇ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕਰਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ | ਜ਼ਿਲ੍ਹਾ ਟਾਸਕ ਫੋਰਸ ਵਲੋਂ ਮੌਕੇ 'ਤੇ ਹੀ 0 ਤੋਂ 6 ਸਾਲ ਦੇ ਬੱਚਿਆਂ ਦਾ ਨਜ਼ਦੀਕੀ ਆਂਗਨਵਾੜੀ ਵਿਚ ਨਾਮ ਦਰਜ ਕਰਵਾਏ ਗਏ, ਜਿਸ ਨਾਲ ਇਨ੍ਹਾਂ ਬੱਚਿਆਂ ਦੀ ਮੁੱਢਲੀ ਸਿੱਖਿਆ ਅਤੇ ਰਾਸ਼ਨ ਆਂਗਨਵਾੜੀ ਵਲੋਂ ਮਿਲੇਗਾ | ਇਸ ਦੌਰਾਨ ਕੁਝ ਬੱਚੇ ਜੋ ਕਿ ਦੂਜੇ ਰਾਜ ਨਾਲ ਸਬੰਧਤ ਸਨ, ਉਨ੍ਹਾਂ ਦੇ ਰਾਜ ਦੀ ਬਾਲ ਭਲਾਈ ਕਮੇਟੀ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਤਾਲਮੇਲ ਕੀਤਾ ਗਿਆ, ਜਿਸ ਨਾਲ ਇਨ੍ਹਾ ਬੱਚਿਆਂ ਨੂੰ ਉਨ੍ਹਾਂ ਦੇ ਰਾਜ ਵਿਚ ਚਲਾਈਆਂ ਜਾਣ ਵਾਲੀਆਂ ਸਕੀਮਾਂ ਵਿਚ ਦਰਜ ਕਰਕੇ ਲਾਭ ਦਿੱਤਾ ਜਾਵੇਗਾ ਅਤੇ ਆਪਣੇ ਗ੍ਰਹਿ ਜ਼ਿਲ੍ਹੇ ਵਿੱਚ ਹੀ ਇਨ੍ਹਾਂ ਦੀ ਦੇਖਭਾਲ ਯਕੀਨੀ ਬਣਾਈ ਜਾ ਸਕੇ | ਟੀਮ ਵਲੋਂ ਸਲੱਮ ਏਰੀਆ ਵਿਚ ਜਾ ਕੇ ਬੱਚਿਆਂ ਦੇ ਮਾਤਾ-ਪਿਤਾ ਨਾਲ ਗੱਲਬਾਤ ਕਰਕੇ ਬੱਚਿਆਂ ਦਾ ਡਾਟਾ ਲਿਆ ਗਿਆ | ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਤਰਨ ਤਾਰਨ ਨੇ ਦੱਸਿਆ ਕਿ ਇਹ ਸਲੱਮ ਏਰੀਆ ਵਿਚ ਮਾਤਾ-ਪਿਤਾ ਨੂੰ ਜਿਆਦਾ ਜਾਣਕਾਰੀ ਨਾ ਹੋਣ ਕਰਕੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਜ਼ਿਲਿ੍ਹਆਂ ਵਿਚ ਚਲਾਏ ਜਾਣ ਵਾਲੇ 1132 ਆਂਗਨਵਾੜੀ ਸੈਂਟਰਾਂ ਵਿਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਪਤਾ ਨਹੀ ਹੁੰਦਾ ਅਤੇ ਕਈ ਛੋਟੇ ਬੱਚੇ ਇਨ੍ਹਾਂ ਸਕੀਮਾਂ ਤੋਂ ਵਾਂਝੇ ਰਹਿ ਜਾਂਦੇ ਹਨ | ਸਲੱਮ ਏਰੀਆ ਦੇ ਬੱਚਿਆਂ ਦੇ ਮਾਤਾ-ਪਿਤਾ ਨੂੰ ਸਬੰਧਿਤ ਪਿੰਡ ਦੇ ਸਰਪੰਚ, ਵਾਰਡ ਕੌਂਸਲਰ ਨਾਲ ਤਾਲਮੇਲ ਕਰਕੇ ਵਧੀਕ ਕਮਿਸ਼ਨਰ ਪੇਂਡੂ/ਵਿਕਾਸ ਸੰਜੀਵ ਕੁਮਾਰ ਰਾਹੀਂ ਮਨਰੇਗਾ ਸਕੀਮ ਅਧੀਨ ਕੰਮ ਮੁਹੱਈਆ ਕਰਵਾਉਣ ਲਈ ਅਪੀਲ ਕੀਤੀ ਗਈ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਸਾਡੀ ਟੀਮ ਵਲੋਂ ਸਬੰਧਿਤ ਬਾਲ ਵਿਕਾਸ ਪ੍ਰਾਜੈਕਟ ਅਫਸਰ ਨਾਲ ਤਾਲਮੇਲ ਕਰਕੇ ਕੁੱਲ 163 ਸਲੱਮ ਏਰੀਆ ਦੇ ਬੱਚਿਆਂ ਨੂੰ ਆਂਗਨਵਾੜੀ ਸੈਂਟਰਾਂ ਵਿਚ ਨਾਮਜ਼ਦ ਕੀਤਾ ਗਿਆ ਅਤੇ ਮਾਵਾਂ ਨੂੰ ਪ੍ਰਧਾਨ ਮੰਤਰੀ ਵੰਦਨਾ ਯੋਜਨਾ ਵਿਚ ਦਰਜ ਕਰਵਾਇਆ | ਉਨ੍ਹਾਂ ਆਮ ਜਨਤਾ ਨੂੰ ਇਹ ਅਪੀਲ ਵੀ ਕੀਤੀ ਗਈ ਕਿ ਜੇਕਰ ਤੁਹਾਨੂੰ ਕੋਈ ਬੱਚਾ ਭੀਖ ਮੰਗਦਾ ਜਾਂ ਬਾਲ ਮਜ਼ਦੂਰੀ ਕਰਦਾ ਹੋਇਆ ਮਿਲਦਾ ਹੈ, ਤਾਂ ਉਸ ਦੀ ਸੂਚਨਾ ਬਾਲ ਹੈਲਪ ਲਾਈਨ 1098 'ਤੇ ਦਿੱਤੀ ਜਾਵੇ, ਤਾਂ ਜੋ ਤੁਹਾਡੀ ਇਕ ਪਹਿਲ ਕਿਸੇ ਬੱਚੇ ਦੀ ਜਿੰਦਗੀ ਬਦਲ ਸਕੇ | ਇਸ ਮੌਕੇ ਉਪਕਾਰ ਸਿੰਘ ਲੇਬਰ ਇੰਸਪੈਕਟਰ, ਸ਼੍ਰੀਮਤੀ ਨੇਹਾ ਨਈਅਰ ਲੀਗਲ ਅਫ਼ਸਰ, ਪ੍ਰਦੀਪ ਕੁਮਾਰ ਕੌਂਸਲਰ ਅਤੇ ਪੁਲਿਸ ਮੁਲਾਜ਼ਮ ਸ਼ਾਮਿਲ ਸਨ |