ਤਰਨ ਤਾਰਨ, 19 ਜੂਨ (ਹਰਿੰਦਰ ਸਿੰਘ)-ਥਾਣਾ ਸਰਹਾਲੀ ਦੀ ਪੁਲਿਸ ਨੇ ਬੀਤੇ ਦਿਨੀਂ ਸਰਹਾਲੀ ਮੰਡੀ ਵਿਚ ਸਕੂਲੀ ਵਿਦਿਆਰਥੀ ਦੇ ਹੋਏ ਕਤਲ ਦੇ ਮਾਮਲੇ ਨੂੰ 24 ਘੰਟਿਆਂ ਵਿਚ ਹੀ ਹੱਲ ਕਰਦਿਆਂ ਇਸ ਕੇਸ ਵਿਚ ਲੋੜੀਂਦੇ ਦੋ ਨਾਬਾਲਗ ਨੌਜਵਾਨਾਂ ਸਮੇਤ ਤਿੰਨ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਗਿ੍ਫ਼ਤਾਰ ਕੀਤੇ ਗਏ ਨੌਜਵਾਨਾਂ ਕੋਲੋਂ ਵਾਰਦਾਤ ਸਮੇਂ ਵਰਤੀ ਗਈ ਕਿਰਚ ਅਤੇ ਦਾਤਰ ਬਰਾਮਦ ਕਰ ਲਿਆ ਗਿਆ | ਗਿ੍ਫ਼ਤਾਰ ਕੀਤੇ ਗਏ ਨੌਜਵਾਨਾਂ ਕੋਲੋਂ ਹੋਰ ਪੁੱਛਗਿੱਛ ਕਰਨ ਲਈ ਥਾਣਾ ਸਰਹਾਲੀ ਦੀ ਪੁਲਿਸ ਵਲੋਂ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ | ਤਰਨ ਤਾਰਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਦੀਪਕ ਪਾਰੀਕ ਨੇ ਦੱਸਿਆ ਬੀਤੇ ਦਿਨੀਂ ਸਮਸ਼ੇਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਠੱਠਾ ਨੇ ਥਾਣਾ ਸਰਹਾਲੀ ਦੀ ਪੁਲਿਸ ਨੂੰ ਦੱਸਿਆ ਸੀ ਕਿ ਉਸ ਦਾ ਨਾਬਾਲਗ ਬੇਟਾ ਬਿਬੇਕਬੀਰ ਸਿੰਘ (16) ਐਕਟਿਵਾ 'ਤੇ ਸਵਾਰ ਹੋ ਕੇ ਸਰਹਾਲੀ ਵਿਖੇ ਕੱਪੜੇ ਖ਼ਰੀਦਣ ਲਈ ਗਿਆ ਸੀ | ਏਨੇ ਨੂੰ ਦੋ ਨਾਬਾਲਗ ਲੜਕਿਆਂ ਅਤੇ ਜਗਲੀਨ ਸਿੰਘ ਉਰਫ਼ ਹਰਨੂਰ ਪੁੱਤਰ ਦਵਿੰਦਰ ਸਿੰਘ ਵਾਸੀ ਭਿੱਖੀਵਿੰਡ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਲੜਕੇ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ | ਇਸ ਸੰਬੰਧੀ ਪੁਲਿਸ ਨੇ ਥਾਣਾ ਸਰਹਾਲੀ ਵਿਖੇ ਕੇਸ ਦਰਜ ਕੀਤਾ ਸੀ | ਉਨ੍ਹਾਂ ਦੱਸਿਆ ਕਿ ਐ?ਸ.ਪੀ.ਡੀ. ਅਜੈਰਾਜ ਸਿੰਘ, ਡੀ.ਐੱਸ.ਪੀ. ਪੱਟੀ ਲਵਕੇਸ਼ ਅਤੇ ਥਾਣਾ ਸਰਹਾਲੀ ਦੇ ਮੁੱਖ ਅਫ਼ਸਰ ਬਲਜਿੰਦਰ ਸਿੰਘ ਵਲੋਂ ਇਕ ਆਪ੍ਰੇਸ਼ਨ ਦੌਰਾਨ ਸਰਹਾਲੀ ਤੋਂ ਪੱਟੀ ਰੋਡ 'ਤੇ ਪੈਦਲ ਘੁੰਮ ਰਹੇ ਦੋ ਨਾਬਾਲਗ ਲੜਕੇ ਅਤੇ ਉਨ੍ਹਾਂ ਦੇ ਤੀਸਰੇ ਸਾਥੀ ਜਗਲੀਨ ਸਿੰਘ, ਜੋ ਕਿ ਉਕਤ ਕੇਸ ਵਿਚ ਨਾਮਜ਼ਦ ਸਨ, ਨੂੰ ਗਿ੍ਫ਼ਤਾਰ ਕਰ ਲਿਆ | ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਉਕਤ ਨੌਜਵਾਨਾਂ ਨੇ ਮੰਨਿਆ ਕਿ ਉਨ੍ਹਾਂ ਨੇ ਹੀ ਬਿਬੇਕਬੀਰ ਸਿੰਘ ਦਾ ਕਤਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਗਿ੍ਫ਼ਤਾਰ ਕੀਤੇ ਗਏ ਦੋ ਨਾਬਾਲਗ ਨੌਜਵਾਨਾਂ ਅਤੇ ਮਿ੍ਤਕ ਨੌਜਵਾਨ ਇਕੱਠੇ ਖ਼ਾਲਸਾ ਪਬਲਿਕ ਸਕੂਲ ਸਰਹਾਲੀ ਵਿਖੇ ਦਸਵੀਂ ਕਲਾਸ ਵਿਚ ਪੜ੍ਹਦੇ ਸਨ ਅਤੇ ਇਨ੍ਹਾਂ ਦੀ ਆਪਸੀ ਲੜਾਈ ਹੁੰਦੀ ਰਹਿੰਦੀ ਸੀ, ਜਿਸ ਕਾਰਨ ਇਨ੍ਹਾਂ ਨੇ 16 ਸਾਲ ਦੇ ਨੌਜਵਾਨ ਦਾ ਕਿਰਚਾਂ ਅਤੇ ਦਾਤਰ ਮਾਰ ਕੇ ਕਤਲ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਵਾਰਦਾਤ ਸਮੇਂ ਵਰਤੀ ਗਈ ਕਿਰਚ ਅਤੇ ਦਾਤਰ ਬਰਾਮਦ ਕਰ ਲਿਆ ਗਿਆ ਹੈ | ਇਸ ਮੌਕੇ ਡੀ.ਐੱਸ.ਪੀ. ਪੱਟੀ ਲਵਕੇਸ਼, ਐੱਸ.ਐੱਚ.ਓ. ਸਰਹਾਲੀ ਬਲਜਿੰਦਰ ਸਿੰਘ, ਥਾਣਾ ਹਰੀਕੇ ਦੇ ਐੱਸ.ਐੱਚ.ਓ. ਕੰਵਲਜੀਤ ਰਾਏ ਵੀ ਮੌਜੂਦ ਸਨ |